Description
ਵੇਰਵਾ
ਆਪਣੇ ਨਿਵੇਕਲੇ ਵੱਡੇ ਸਰੀਰ ਅਤੇ ਲੰਮੀ ਗਰਦਣ ਨਾਲ ਧਰੁਵੀ ਰਿੱਛ (Ursus maritimus) ਜ਼ਮੀਨ `ਤੇ ਵਸਣ ਵਾਲਾ ਸਭ ਤੋਂ ਵੱਡਾ ਮਾਸਾਹਾਰੀ ਜਾਨਵਰ ਹੈ। ਉੱਤਰੀ ਧਰੁਵ ਦੇ ਆਪਣੇ ਵਸੇਬੇ ਦੀ ਤੈਰਦੀ ਹੋਈ ਬਰਫ਼ ਵਿੱਚ ਬਾਲਗ਼ਾਂ ਦੀ ਜੱਤ ਅਕਸਰ ਕ੍ਰੀਮ ਤੋਂ ਪੀਲ਼ੇ ਰੰਗ ਦੀ ਲੱਗਦੀ ਹੈ। ਬਾਲਗ਼ ਮਰਦਾਂ ਦੀ ਕੁੱਲ ਲੰਬਾਈ 240 ਤੋਂ 260 ਸੈਂਟੀਮੀਟਰ ਹੁੰਦੀ ਹੈ ਅਤੇ ਆਮ ਤੌਰ `ਤੇ ਉਹ 400 ਤੋਂ 600 ਕਿੱਲੋ ਤਕ ਦੇ ਹੁੰਦੇ ਹਨ, ਭਾਵੇਂ ਕਿ ਉਹ 800 ਕਿਲੋ – ਇੱਕ ਛੋਟੀ ਕਾਰ ਜਿੰਨ੍ਹੇ – ਤਕ ਭਾਰੇ ਵੀ ਹੋ ਸਕਦੇ ਹਨ। ਜਦੋਂ ਤਕ ਉਹ ਅੱਠ ਤੋਂ 10 ਸਾਲ ਤਕ ਦੇ ਨਹੀਂ ਹੋ ਜਾਂਦੇ, ਉਹ ਆਪਣੇ ਵੱਧ ਤੋਂ ਵੱਧ ਵਜ਼ਨ ਦੀ ਹੱਦ ਤਕ ਨਹੀਂ ਪਹੁੰਚਦੇ। ਮਦੀਨ ਬਾਲਗ਼ ਨਰ ਬਾਲਗ਼ਾਂ ਦੇ ਆਕਾਰ ਤੋਂ ਲਗਭਗ ਅੱਧੀਆਂ ਹੁੰਦੀਆਂ ਹਨ ਅਤੇ ਆਪਣਾ ਵੱਧ ਤੋਂ ਵੱਧ ਭਾਰ ਪੰਜਵੇਂ ਜਾਂ ਛੇਵੇਂ ਸਾਲ ਤਕ ਹਾਸਲ ਕਰ ਲੈਂਦੀਆਂ ਹਨ, ਜਦੋਂ ਉਨ੍ਹਾਂ ਦਾ ਵਜ਼ਨ 150 ਤੋਂ 250 ਕਿਲੋ ਤਕ ਹੋ ਜਾਂਦਾ ਹੈ। ਪਤਝੜ ਵਿੱਚ ਆਪਣੀ ਪ੍ਰਸੂਤ ਗੁਫਾ ਵਿੱਚ ਦਾਖ਼ਲ ਹੋਣ ਤੋਂ ਪਹਿਲਾਂ ਗਰਭਵਤੀ ਮਦੀਨਾਂ ਦਾ ਵਜ਼ਨ 400 ਜਾਂ 500 ਕਿਲੋ ਹੁੰਦਾ ਹੈ।
ਧਰੁਵੀ ਰਿੱਛਾਂ ਦੇ ਸਰੀਰ ਭੂਰੇ ਰਿੱਛਾਂ ਦੇ ਸਰੀਰਾਂ ਤੋਂ ਲੰਮੇ ਹੁੰਦੇ ਹਨ; ਉਨ੍ਹਾਂ ਦੇ ਗਲ਼ੇ ਅਤੇ ਖੋਪੜੀਆਂ ਵੀ ਲੰਮੀਆਂ ਹੁੰਦੀਆਂ ਹਨ ਪਰ ਉਨ੍ਹਾਂ ਦੇ ਕੰਨ ਛੋਟੇ ਛੋਟੇ ਹੁੰਦੇ ਹਨ। ਭੂਰੇ ਰਿੱਛਾਂ ਦੇ ਠੇਠ ਭਾਰੀ ਚੌੜੇ ਜਾਂ ਅਵਤਲ ਮੁਹਾਂਦਰੇ ਦੇ ਮੁਕਾਬਲੇ ਧਰਵੀ ਰਿੱਛਾਂ ਦਾ ਨੱਕ ਜ਼ਿਆਦਾ ਉੱਭਰਵਾਂ ਹੁੰਦਾ ਹੈ। ਉਨ੍ਹਾਂ ਦੇ ਸੂਏ ਦੰਦ ਵੱਡੇ ਹੁੰਦੇ ਹਨ ਅਤੇ ਜਬਾੜਿਆਂ ਦੀ ਸਤਹ ਉਬੜ-ਖਾਬੜ ਹੁੰਦੀ ਹੈ ਜੋ ਕਿ ਮਾਸਾਹਾਰੀ ਖ਼ੁਰਾਕ ਪ੍ਰਤੀ ਢਲ਼ ਜਾਣ ਦੀ ਨਿਸ਼ਾਨੀ ਹੈ। ਧਰੁਵੀ ਰਿੱਛਾਂ ਦੇ ਪੰਜੇ ਰੰਗ ਵਿੱਚ ਭੂਰੇ, ਛੋਟੇ, ਕਾਫੀ ਸਿੱਧੇ, ਤਿੱਖੀ ਨੋਕ ਵਾਲ਼ੇ ਅਤੇ ਨਾ-ਵਾਪਸ ਖਿੱਚੇ ਜਾ ਸਕਣ ਵਾਲ਼ੇ ਹੁੰਦੇ ਹਨ।
ਇਸ਼ਾਰੇ ਅਤੇ ਆਵਾਜ਼ਾਂ
ਧਰੁਵੀ ਰਿੱਛ ਬਾਕੀ ਰਿੱਛਾਂ ਨੂੰ ਖ਼ਬਰਦਾਰ ਕਰਨ ਵੇਲ਼ੇ ਡੂੰਘੀ ਗੁਰਾਹਟ ਵਰਤਦੇ ਹਨ, ਖਾਸ ਕਰ ਕੇ ਭੋਜਨ ਦੇ ਕਿਸੇ ਸ੍ਰੋਤ ਦੀ ਰਾਖੀ ਕਰਨ ਵੇਲ਼ੇ। ਹਮਲਾਵਰ ਰਵੱਈਆ ਵਿਖਾਉਣ ਲਈ ਉਹ ਫ਼ਰਾਟੇ ਮਾਰਦੇ ਅਤੇ ਨਾਸਾਂ ਫੁੰਕਾਰਦੇ ਅਤੇ ਨਾਲੋ-ਨਾਲ ਸਿਰ ਨੀਵਾਂ ਕਰ ਕੇ ਕੰਨ ਪਿੱਛੇ ਨੂੰ ਸੁੱਟ ਲੈਂਦੇ ਹਨ। ਗੁੱਸੇ ਵਿੱਚ ਆਏ ਧਰੁਵੀ ਰਿੱਛ ਆਪਣੀ ਨਾਰਾਜ਼ਗੀ ਉੱਚੀ ਗਰਜ ਕੇ ਅਤੇ ਗੁੱਰਾ ਕੇ ਜ਼ਾਹਰ ਕਰਦੇ ਹਨ। ਤਣਾਅ ਵਿੱਚ ਆਉਣ `ਤੇ ਉਹ ਸ਼ੂਕਣ ਦੀ ਆਵਾਜ਼ ਵੀ ਕੱਢਦੇ ਹਨ। ਰਿੱਛਣੀ ਮਾਂ ਆਪਣੇ ਬੱਚਿਆਂ ਨੂੰ ਹਲਕਾ ਜਿਹਾ ਗੁਰਾਅ ਕੇ ਜਾਂ ਨਰਮੀ ਨਾਲ ਰੋਕ ਕੇ ਘੂਰਦੀ ਹੈ।
Habitat et habitudes
ਵਸੇਬਾ ਅਤੇ ਆਦਤਾਂ
ਧਰੁਵੀ ਰਿੱਛ ਸਾਲਾਨਾ ਬਰਫ਼ ਪੈਣ ਵਾਲ਼ੇ ਇਲਾਕਿਆਂ – ਜਿਨ੍ਹਾਂ ਨੂੰ ਉਹ ਸ਼ਿਕਾਰ ਕਰਨ ਅਤੇ ਭੁਲਾਂਦਰੇ ਵਜੋਂ ਵਰਤਦੇ ਹਨ – ਨੂੰ ਤਰਜੀਹ ਦਿੰਦੇ ਹਨ, ਜਿਹੜੇ ਬਰਫ਼ ਉੱਡਣ ਨਾਲ ਬਣੇ ਟਿੱਬਿਆਂ, ਮੁੜ-ਜੰਮ੍ਹੀਆਂ ਤ੍ਰੇੜਾਂ, ਅਤੇ ਬਰਫ਼ ਨਾਲ ਘਿਰੇ ਖੁੱਲ੍ਹੇ ਪਾਣੀ ਜਾਂ “ਪੌਲੀਨਿਆ” ਦਰਮਿਆਨ ਖਿੰਡਰੇ ਹੋਣ। ਵਸੇਬੇ ਦੀ ਇਸ ਤਰਜੀਹ ਦਾ ਉਨ੍ਹਾਂ ਦੇ ਮਨਪਸੰਦ ਭੋਜਨ – ਰਿੰਗਡ ਸੀਲ ਮੱਛੀਆਂ – ਦੀ ਮੌਜੂਦਗੀ ਨਾਲ ਕਰੀਬੀ ਰਿਸ਼ਤਾ ਹੈ।
ਪੂਰਬੀ ਬੈਫਿਨ ਆਈਲੈਂਡ ਅਤੇ ਹਡਸਨਜ਼ ਬੇਅ ਵਰਗੇ ਇਲਾਕਿਆਂ, ਜਿੱਥੇ ਸਾਰੀ ਦੀ ਸਾਰੀ ਤੈਰਦੀ ਹੋਈ ਬਰਫ਼ ਗਰਮੀਆਂ ਦੇ ਅੱਧ ਜਾਂ ਪਿਛਲੇ ਹਿੱਸੇ ਤਕ ਪਿਘਲ ਜਾਂਦੀ ਹੈ, ਵਿੱਚ ਰਿੱਛਾਂ ਦੀ ਸਾਰੀ ਆਬਾਦੀ ਨੂੰ ਮੁੜ ਬਰਫ਼ ਜੰਮਣ ਤਕ ਲਈ ਗਰਮੀਆਂ ਅਤੇ ਪਤਝੜ ਦੇ ਸ਼ੁਰੂ ਤਕ ਦੌਰਾਨ ਦੋ ਤੋਂ ਚਾਰ ਮਹੀਨਿਆਂ ਲਈ ਕੰਢੇ `ਤੇ ਆਉਣਾ ਪੈਂਦਾ ਹੈ।
ਆਪਣੇ ਆਰਕਟਿਕ ਖੇਤਰ ਦੇ ਆਲ਼ੇ-ਦੁਆਲ਼ੇ ਪ੍ਰਤੀ ਧਰੁਵੀ ਰਿੱਛ ਬੜੇ ਸ਼ਾਨਦਾਰ ਤਰੀਕੇ ਨਾਲ ਢਲ਼ੇ ਹੋਏ ਹਨ ਜਿਸ ਵਿੱਚ ਚਮਕਦੇ ਸੁਰੱਖਿਆਤਮਕ ਵਾਲ਼ਾਂ ਅਤੇ ਹੇਠਾਂ ਸੰਘਣੀ ਜੱਤ ਵਾਲ਼ੀ ਸਰਦੀਆਂ ਲਈ ਅਨੁਕੂਲ ਮੋਟੀ ਜਿਲਦ ਅਤੇ ਚਮੜੀ ਥੱਲੇ ਚਰਬੀ ਦੀ ਮੋਟੀ ਤਹਿ ਹੋਣ ਨਾਲ ਉਨ੍ਹਾਂ ਦਾ ਠੰਢ ਤੋਂ ਬਚਾਅ ਰਹਿੰਦਾ ਹੈ। ਸੁਰੱਖਿਆਤਮਕ ਵਾਲ਼ ਆਸਾਨੀ ਨਾਲ ਪਾਣੀ ਝਣਕਣ ਵਿੱਚ ਵੀ ਸਹਾਈ ਹੁੰਦੇ ਹਨ ਤਾਂ ਜੋ ਤੈਰਨ ਤੋਂ ਬਾਅਦ ਠੰਢ ਘਟਾਉਣ ਅਤੇ ਛੇਤੀ ਸੁੱਕਣ ਲਈ ਧਰੁਵੀ ਰਿੱਛ ਕੁੱਤੇ ਵਾਂਗ ਹੀ ਆਪਣਾ ਜਿਸਮ ਝਣਕ ਸਕਣ। ਧਰੁਵੀ ਰਿੱਛ ਦੇ ਵਾਲ਼ ਅੱਧ-ਪਾਰਦਰਸ਼ੀ ਹੁੰਦੇ ਹਨ ਅਤੇ ਸੂਰਜ ਤੋਂ ਆਉਣ ਵਾਲ਼ੀ ਤਪਸ਼ ਨੂੰ ਵਾਲ਼ ਦੀ ਜੜ ਵੱਲ ਸੇਧ ਦਿੰਦੇ ਹਨ ਜਿੱਥੇ ਕਾਲ਼ੇ ਰੰਗ ਦੀ ਚਮੜੀ ਇਸ ਨੂੰ ਸੋਖ ਲੈਂਦੀ ਹੈ।
ਧਰੁਵੀ ਰਿੱਛ ਦਾ ਚਿੱਟਾ ਰੰਗ ਭੁਲਾਂਦਰੇ ਦਾ ਕਾਰਜ ਵੀ ਕਰਦਾ ਹੈ। ਭਾਵੇਂ ਜ਼ਮੀਨ ਹੋਵੇ, ਪਾਣੀ ਹੋਵੇ ਜਾਂ ਬਰਫ਼, ਧਰਵੀ ਰਿੱਛ ਆਪਣੀ ਓਟ ਦੀ ਵਰਤੋਂ ਵਿੱਚ ਚਤੁਰ ਹੁੰਦੇ ਹਨ। ਇਸ ਨਾਲ਼ ਸੀਲ ਮੱਛੀਆਂ ਦਾ ਸ਼ਿਕਾਰ ਕਰਨ ਅਤੇ ਮਨੁੱਖੀ ਸ਼ਿਕਾਰੀਆਂ ਤੋਂ ਬਚ ਨਿਕਲਣ, ਦੋਵਾਂ ਵਿੱਚ ਫਾਇਦਾ ਹੁੰਦਾ ਹੈ। ਰਿੱਛ ਦੇ ਪੈਰਾਂ ਵਿੱਚ ਛੋਟੇ ਪੌੜ ਅਤੇ ਤਲ਼ਿਆਂ ਵਿੱਚ ਖੋੜਾਂ ਹੁੰਦੀਆਂ ਹਨ ਜੋ ਹਵਾ-ਨਿਕਲਣ `ਤੇ ਪੈਦਾ ਹੋਈ ਖਿੱਚ ਵਾਂਗ ਅਸਰ ਕਰਦੀਆਂ ਹਨ। ਇਸ ਨਾਲ ਰਿੱਛ ਬਰਫ਼ ਉੱਤੇ ਫਿਸਲਦਾ ਨਹੀਂ।
ਪਰ ਸ਼ਾਇਦ ਆਰਕਟਿਕ ਵਿੱਚ ਭੋਜਨ ਉਪਲਬਧਗੀ ਦੇ ਗ਼ੈਰ-ਯਕੀਨੀ ਹੋਣ ਪ੍ਰਤੀ ਧਰੁਵੀ ਰਿੱਛਾਂ ਦਾ ਸਭ ਤੋਂ ਨਿੱਗਰ ਅਨੁਕੂਲਣ ਸਾਲ ਦੇ ਕਿਸੇ ਵੀ ਸਮੇਂ ਊਰਜਾ ਦੀ ਬਚਤ ਲਈ ਆਪਣੀਆਂ ਉਸਾਰੂ ਕਿਰਿਆਵਾਂ ਨੂੰ ਮੰਦਾ ਕਰਨਾ ਹੈ। ਇਹ ਤਾਂ ਹੁੰਦਾ ਹੈ ਜੇ ਸੱਤ ਤੋਂ 10 ਦਿਨ ਤਕ ਖਾਣ ਨੂੰ ਕੁੱਝ ਨਾ ਮਿਲੇ ਅਤੇ ਉਦੋਂ ਤਕ ਚਲਦਾ ਹੈ ਜਦੋਂ ਮੁੜ ਭੋਜਨ ਉਪਲਬਧ ਨਾ ਹੋ ਜਾਵੇ। ਇਸ ਦੇ ਮੁਕਾਬਲੇ ਕਾਲੇ ਜਾਂ ਭੂਰੇ ਰਿੱਛ ਤਾਂ ਹੀ ਆਪਣੀਆਂ ਉਸਾਰੂ ਕਿਰਿਆਵਾਂ ਹੌਲੀ ਕਰ ਸਕਦੇ ਹਨ ਜੇ ਪਤਝੜ ਦੇ ਅਖ਼ੀਰ ਵਿੱਚ ਵੀ ਖਾਣ ਨੂੰ ਕੁੱਝ ਨਾ ਮਿਲੇ ਜਦੋਂ ਉਨ੍ਹਾਂ ਨੇ ਸਰਦੀਆਂ ਲਈ ਆਪਣੀਆਂ ਗੁਫਾਵਾਂ ਵਿੱਚ ਜਾ ਵੜ੍ਹਨਾ ਹੁੰਦਾ ਹੈ। ਜੇ ਕਾਲੇ ਜਾਂ ਭੂਰੇ ਰਿੱਛਾਂ ਦਾ ਭੋਜਨ ਬਸੰਤ ਜਾਂ ਗਰਮੀਆਂ ਵਿੱਚ ਬੰਦ ਕਰ ਦਿੱਤਾ ਜਾਵੇ ਜਦੋਂ ਉਹ ਆਪਣੀਆਂ ਸਰਦੀਆਂ ਵਾਲ਼ੀਆਂ ਗੁਫਾਵਾਂ ਵਿੱਚ ਨਹੀਂ ਹਨ, ਉਹ ਭੁੱਖ ਨਾਲ ਮਾਰੇ ਜਾਣਗੇ।
ਭਾਵੇਂ ਠੰਢ ਅਤੇ ਤੂਫਾਨੀ ਮੌਸਮ ਵਿੱਚ ਨਰ ਅਤੇ ਮਦੀਨ, ਦੋਵੇਂ ਕਿਸਮਾਂ ਦੇ ਅਤੇ ਹਰ ਉਮਰ ਦੇ, ਧਰੁਵੀ ਰਿੱਛ ਆਰਜ਼ੀ ਤੌਰ `ਤੇ ਗੁਫਾਵਾਂ ਜਾਂ ਆਸਰਿਆਂ ਵਿੱਚ ਚਲੇ ਜਾਣ, ਸਿਰਫ਼ ਗਰਭਵਤੀ ਮਦੀਨਾਂ ਹੀ ਸਾਰੀਆਂ ਸਰਦੀਆਂ ਗੁਫਾਵਾਂ ਵਿੱਚ ਕੱਟਦੀਆਂ ਹਨ।
ਰਿੱਛਾਂ ਦੀ ਸਾਧਾਰਨ ਤੋਰ 5 ਤੋਂ 6 ਕਿਲੋਮੀਟਰ ਫੀ ਘੰਟਾ ਹੌਲੀ, ਭਾਰੀ ਜਾਨਵਰਾਂ ਵਾਲ਼ੀ ਹੁੰਦੀ ਹੈ। ਪਿੱਛਾ ਕੀਤੇ ਜਾਣ `ਤੇ ਹੋ ਸਕਦਾ ਹੈ ਉਹ ਸਰਪਟ ਦੌੜਨ ਪਰ ਉਹ ਬਾਹਲ਼ਾ ਜ਼ਿਆਦਾ ਦੌੜਨਾ ਪਸੰਦ ਨਹੀਂ ਕਰਦੇ। ਨੌਜਵਾਨ ਰਿੱਛ ਤਾਂ 2 ਕਿਲੋਮੀਟਰ ਤਕ ਦੌੜ ਲੈਂਦੇ ਹਨ ਪਰ ਬੁੱਢੇ ਰਿੱਛ ਛੇਤੀ ਹੀ ਥਕ ਜਾਂਦੇ ਹਨ ਕਿਉਂਕਿ ਉਹ ਮੋਟੇ ਅਤੇ ਚਰਬੀ ਨਾਲ ਚੰਗੀ ਤਰ੍ਹਾਂ ਭਰੇ ਹੁੰਦੇ ਹਨ ਜਿਸ ਨਾਲ ਉਹ ਛੇਤੀ ਹੀ ਗਰਮੀ-ਗਰਮੀ ਵੀ ਹੋ ਜਾਂਦੇ ਹਨ।
ਆਪਣੇ ਬੱਚਿਆਂ ਨੂੰ ਬਚਾਉਣ ਲਈ ਜਾਂ ਬੇਹੱਦ ਭੁੱਖੇ ਹੋਣ ਤੋਂ ਸਿਵਾਏ ਧਰੁਵੀ ਰਿੱਛ ਆਮ ਤੌਰ `ਤੇ ਮਨੁੱਖਾਂ `ਤੇ ਹਮਲਾ ਨਹੀਂ ਕਰਦੇ।
ਮਰਦ ਧਰੁਵੀ ਰਿੱਛਾਂ ਦਾ ਜੀਵਨ ਤਕਰੀਬਨ 25 ਕੁ ਸਾਲ ਚੱਲਦਾ ਹੈ। ਮਦੀਨਾਂ ਅਕਸਰ 29 ਤੋਂ ਥੱਲੇ ਤਕ ਦੀ ਉਮਰ ਭੋਗਦੀਆਂ ਹਨ।
ਵਿਲੱਖਣ ਵਿਸ਼ੇਸ਼ਤਾਵਾਂ
ਸ਼ਿਕਾਰ ਵੇਲ਼ੇ ਧਰੁਵੀ ਰਿੱਛ ਅਪਣੀ ਤੇਜ਼ ਸੁੰਘਣ ਸ਼ਕਤੀ `ਤੇ ਟੇਕ ਰੱਖਦੇ ਹਨ। ਇਹ ਇੱਕ ਕਿਲੋਮੀਟਰ ਤਕ ਦੇ ਫਾਸਲੇ ਤੋਂ 90 ਸੈਂਟੀਮੀਟਰ ਜਾਂ ਵਧੇਰੇ ਮੋਟੀ ਬਰਫ਼ ਨਾਲ ਢਕੇ ਸੀਲ ਮੱਛੀਆਂ ਦੇ ਸਾਹ ਲੈਣ ਵਾਲੇ ਮੋਘੇ ਸੁੰਘ ਲੈਂਦੇ ਹਨ। ਉਨ੍ਹਾਂ ਦੀ ਵੇਖਣ ਅਤੇ ਸੁਣਨ-ਸ਼ਕਤੀ ਸ਼ਾਇਦ ਮਨੁੱਖਾਂ ਦੇ ਬਰਾਬਰ ਹੀ ਹੋਵੇ।
ਧਰੁਵੀ ਰਿੱਛ ਸ਼ਾਨਦਾਰ ਤੈਰਾਕ ਹੁੰਦੇ ਹਨ। ਤੈਰਨ ਵੇਲ਼ੇ ਉਹ ਆਪਣੇ ਮੂਹਰਲੇ ਪੰਜਿਆਂ ਨੂੰ ਚੱਪੂ ਵਜੋਂ ਵਰਤਦੇ ਹਨ, ਜਦੋਂ ਕਿ ਪਿਛਲੇ ਪੰਜੇ ਪਤਵਾਰ ਦਾ ਕੰਮ ਕਰਦੇ ਹਨ। ਪਾਣੀ ਦੇ ਹੇਠ ਵੀ ਉਹ ਆਪਣੀਆਂ ਅੱਖਾਂ ਖੁੱਲ੍ਹੀਆਂ ਰੱਖ ਸਕਦੇ ਹਨ। ਧਰੁਵੀ ਰਿੱਛ ਇੱਕ ਮਿੰਟ ਤੋਂ ਵੱਧ ਤਕ ਪਾਣੀ ਦੇ ਥੱਲੇ ਰਹਿ ਸਕਦਾ ਹੈ।
Aire de répartition
ਜ਼ੱਦ
ਧਰੁਵੀ ਰਿੱਛ ਆਰਕਟਿਕ ਖੇਤਰ ਦੇ ਤਟੀ ਇਲਾਕਿਆਂ ਅਤੇ ਆਰਕਟਿਕ ਖੇਤਰ ਵਿਚਲੇ ਵੱਖੋ-ਵੱਖਰੇ ਦੀਪ-ਸਮੂਹਾਂ ਵਿਚਾਲੇ ਮੌਜੂਦ ਨਹਿਰਾਂ ਵਿੱਚ ਸਭ ਤੋਂ ਵੱਧ ਪਾਏ ਜਾਂਦੇ ਹਨ। ਰਿੱਛਾਂ ਦੀ ਥੋੜੀ ਜਿਹੀ ਗਿਣਤੀ ਕੇਂਦਰੀ ਧਰੁਵੀ ਬੇਟ ਵਿਚਲੀ ਪੱਕੀ ਤੈਰਦੀ ਹੋਈ ਬਰਫ਼ ਵਿੱਚ ਵੀ ਦਾਖ਼ਲ ਹੋ ਜਾਂਦੀ ਹੈ ਅਤੇ ਕੁੱਝ ਤਾਂ ਉੱਤਰ ਵੱਲ 88 ਦਰਜੇ ਲੈਟੀਟਿਊਡ ਤਕ ਵੀ ਵੇਖੇ ਦਰਜ ਕੀਤੇ ਗਏ ਹਨ। (ਨੌਰਥ ਪੋਲ ਜਾਂ ਉੱਤਰੀ ਧਰੁਵ, ਜਿਸ ਤੋਂ ਧਰੁਵੀ ਰਿੱਛਾਂ ਦਾ ਨਾਮ ਪਿਆ ਹੈ, 90 ਦਰਜੇ ਲੈਟੀਟਿਊਡ `ਤੇ ਹੈ।) ਕੁੱਝ ਧਰੁਵੀ ਰਿੱਛ ਦੱਖਣ ਵੱਲ ਨੂੰ ਨਿਊਫਾਊਂਡਲੈਂਡ ਐਂਡ ਲੈਬਰਾਡੋਰ ਤਕ ਵੀ ਬਾਕਾਇਦਗੀ ਨਾਲ ਨਜ਼ਰ ਆਉਂਦੇ ਹਨ ਅਤੇ ਕਈ ਕਦੀ-ਕਦਾਈਂ ਉਨ੍ਹਾਂ ਸਾਲਾਂ ਵਿੱਚ ਗਲਫ ਆਫ ਸੇਂਟ ਲਾਰੈਂਸ ਤਕ ਵੀ ਵੇਖੇ ਗਏ ਹਨ ਜਦੋਂ ਤੈਰਦੀ ਹੋਈ ਵੱਡੀ ਬਰਫ਼ ਦੱਖਣ ਵੱਲ਼ ਨੂੰ ਆਮ ਨਾਲੋਂ ਵਧੇਰੇ ਰੁੜ ਆਉਂਦੀ ਹੈ।
ਧਰੁਵੀ ਰਿੱਛਾਂ ਲਈ ਪ੍ਰਸੂਤ ਗੁਫਾਵਾਂ ਦੇ ਦੁਨੀਆਂ ਭਰ ਵਿਚਲੇ ਸਭ ਤੋਂ ਵੱਡੇ ਇਲਾਕਿਆਂ ਵਿੱਚੋਂ ਇੱਕ ਕੈਨੇਡਾ ਵਿੱਚ ਹਡਸਨਜ਼ ਬੇਅ ਦੇ ਪੱਛਮੀ ਕੰਢੇ ਨੇੜੇ ਚਰਚਹਿੱਲ, ਮੈਨੀਟੋਬਾ, ਨੇੜੇ ਹੈ। ਬਾਕੀ ਆਰਕਟਿਕ ਮਹਾਂਸਾਗਰ ਵਿੱਚ ਰੈਂਗਲ ਆਈਲੈਂਡ, ਰੂਸ, ਅਤੇ ਕੌਂਗ ਕਾਰਲਜ਼ ਲੈਂਡ, ਸਵਾਲਬਰਡ, ਨੌਰਵੇ ਵਿਖੇ ਹਨ।
Alimentation
ਆਹਾਰ
ਧਰੁਵੀ ਰਿੱਛਾਂ ਨੂੰ ਸਮੁੰਦਰੀ ਜਾਨਵਰ ਮੰਨਿਆ ਜਾਂਦਾ ਹੈ ਕਿਉਂਕਿ ਉਹ ਆਪਣੇ ਵਜੂਦ ਲਈ ਸੀਲ ਮੱਛੀਆਂ ਅਤੇ ਸਮੁੰਦਰੀ ਆਲ਼ੇ-ਦੁਆਲ਼ੇ `ਤੇ ਨਿਰਭਰ ਕਰਦੇ ਹਨ। ਬਹੁਤਾ ਕਰ ਕੇ ਉਹ ਰਿੰਗਡ ਸੀਲ ਮੱਛੀਆਂ ਖਾਂਦੇ ਹਨ ਪਰ ਉਹ ਬਿਅਰਡਿਡ ਸੀਲਾਂ, ਹਾਰਪ ਸੀਲਾਂ, ਹੁਡਿੱਡ ਸੀਲਾਂ ਅਤੇ ਹਾਰਬਰ ਸੀਲਾਂ ਦਾ ਸ਼ਿਕਾਰ ਵੀ ਕਰ ਲੈਂਦੇ ਹਨ। ਕਦੇ-ਕਦਾਈਂ ਉਹ ਵਾਲਰਸਾਂ, ਬੈਲੂਗਾ ਵ੍ਹੇਲਾਂ ਅਤੇ ਨਰਵ੍ਹਾਲਾਂ ਨੂੰ ਵੀ ਮਾਰ ਸਕਦੇ ਹਨ।
ਸਰਦੀਆਂ ਅਤੇ ਬਸੰਤ ਦੌਰਾਨ ਬਾਲਗ਼ ਰਿੰਗਡ ਸੀਲਾਂ ਜ਼ਮੀਨ ਨਾਲ ਜੁੜੀ ਬਰਫ਼ ਨੂੰ ਲਗਾਤਾਰ ਆਪਣੇ ਅਗਲੇ ਖੰਭੜਿਆਂ ਉਤਲੇ ਭਾਰੀ ਪੰਜਿਆਂ ਨਾਲ ਖੁਰਚ ਕੇ ਬਰਫ਼ ਵਿਚਲੇ ਸਾਹ ਲੈਣ ਵਾਲ਼ੇ ਮੋਘਿਆਂ ਨੂੰ ਚਲਦਾ ਰੱਖਦੀਆਂ ਹਨ। ਜਵਾਨ ਸੀਲਾਂ ਉਨ੍ਹਾਂ ਇਲਾਕਿਆਂ ਵਿੱਚ ਵਧੇਰੇ ਹੁੰਦੀਆਂ ਹਨ ਜਿਨ੍ਹਾਂ ਵਿੱਚ ਸਰਦੀਆਂ ਦੌਰਾਨ ਵੀ ਕੁੱਝ ਖੁੱਲ੍ਹਾ ਪਾਣੀ ਹੋਵੇ, ਜਿਵੇਂ ਤਟ ਤੋਂ ਬਰਫ਼ ਤਕ ਖੁੱਲ੍ਹਾ ਪਾਣੀ ਅਤੇ ਪੌਲਿਨਿਆਂ, ਜਾਂ ਹਰ ਪਾਸਿਉਂ ਬਰਫ਼ ਨਾਲ ਘਿਰੇ ਖੁੱਲ੍ਹੇ ਪਾਣੀ ਵਾਲੇ ਇਲਾਕੇ ਵਿੱਚ। ਕਿਉਂਕਿ ਅਜਿਹੇ ਇਲਾਕਿਆਂ ਵਿੱਚ ਸਾਹ ਲੈਣਾ ਸੌਖਾ ਹੁੰਦਾ ਹੈ ਅਤੇ ਉਹ ਹਾਵੀ ਬਾਲਗ਼ ਸੀਲਾਂ ਤੋਂ ਬਚ ਕੇ ਰਹਿ ਸਕਦੀਆਂ ਹਨ ਜਿਹੜੀਆਂ ਕਿ ਜ਼ਮੀਨ ਨਾਲ ਜੁੜੀ ਬਰਫ਼ ਵਿੱਚ ਵਧੇਰੇ ਹੁੰਦੀਆਂ ਹਨ।
ਧਰੁਵੀ ਰਿੱਛਾਂ ਦੇ ਮੂਹਰਲੇ ਵੱਡੇ ਪੰਜੇ ਸੀਲਾਂ ਦਾ ਸ਼ਿਕਾਰ ਕਰਨ ਲਈ ਫਾਇਦੇਮੰਦ ਰਹਿੰਦੇ ਹਨ। ਜਦੋਂ ਸੀਲ ਮੋਘੇ ਵਿੱਚੋਂ ਸਾਹ ਲੈਣ ਲਈ ਉੱਪਰ ਆਉਂਦੀ ਹੈ, ਧਰੁਵੀ ਰਿੱਛ ਇਸ ਨੂੰ ਮਾਰ ਕੇ ਪੰਜੇ ਦੇ ਇੱਕ ਹੀ ਵਾਰ ਨਾਲ ਪਾਣੀ ਵਿੱਚੋਂ ਬਾਹਰ ਵਗ੍ਹਾ ਮਾਰਦਾ ਹੈ।
ਅਪਰੈਲ ਅਤੇ ਮਈ ਦੌਰਾਨ ਧਰੁਵੀ ਰਿੱਛ, ਖਾਸ ਕਰ ਕੇ ਉਹ ਮਦੀਨਾਂ ਜਿਨ੍ਹਾਂ ਨਾਲ ਆਸ਼੍ਰਿਤ ਬੱਚੇ ਹੋਣ, ਨਵਜਾਤ ਰਿੰਗਡ ਸੀਲਾਂ ਜਾਂ ਵ੍ਹਾਈਟਕੋਟਾਂ ਦਾ ਉਨ੍ਹਾਂ ਦੇ ਜਨਮ ਵਾਲ਼ੀਆਂ ਗੁਫਾਵਾਂ ਵਿੱਚ ਸ਼ਿਕਾਰ ਕਰਦੇ ਹਨ ਜਿੱਥੇ ਉੱਡ ਕੇ ਜਮ੍ਹਾ ਹੋਈ ਬਰਫ਼ ਨਾਲ ਉਨ੍ਹਾਂ ਦੇ ਸਾਹ ਲੈਣ ਵਾਲ਼ੇ ਮੋਘੇ ਢਕੇ ਜਾਂਦੇ ਹਨ। ਗੁਫਾਵਾਂ ਨੂੰ ਤੋੜ ਕੇ ਉਨ੍ਹਾਂ ਵਿੱਚ ਦਾਖ਼ਲ ਹੋਕੇ ਅਤੇ ਸੀਲਾਂ ਨੂੰ ਮਾਰ ਕੇ ਰਿੱਛ ਜ਼ਿਆਦਾਤਰ ਚਰਬੀ ਅਤੇ ਚਮੜ੍ਹੀ ਛਕ ਲੈਂਦੇ ਹਨ ਅਤੇ ਬਹੁਤਾ ਮਾਸ ਮੁਰਦਾਖੋਰ ਜਾਨਵਰਾਂ ਲਈ ਛੱਡ ਦਿੰਦੇ ਹਨ। ਰਿੱਛਾਂ ਦੇ ਦੁੱਧ ਚੁੰਘਦੇ ਬੱਚਿਆਂ ਦੀ ਗੱਲ ਨਾ ਕਰੀਏ ਤਾਂ ਬਸੰਤ ਦੌਰਾਨ ਧਰੁਵੀ ਰਿੱਛਾਂ ਦੀ ਖ਼ੁਰਾਕ ਦਾ ਬਹੁਤਾ ਹਿੱਸਾ ਸੀਲਾਂ ਮਾਵਾਂ ਅਤੇ ਬੱਚੇ ਹੁੰਦੇ ਹਨ।
ਰਿੱਛ ਜ਼ਮੀਨ ਨਾਲ ਜੁੜੀ ਬਰਫ਼ `ਤੇ ਜਾਂ ਤੈਰ ਰਹੀ ਬਰਫ਼ ਦੇ ਟੁਕੜਿਆਂ `ਤੇ ਧੁੱਪ ਸੇਕਦੀਆਂ ਸੀਲ ਮੱਛੀਆਂ ਦਾ ਪਿੱਛਾ ਵੀ ਕਰਦੇ ਹਨ। ਬਸੰਤ ਅਤੇ ਗਰਮੀਆਂ ਦੇ ਸ਼ੁਰੂ ਵਿੱਚ ਜਦੋਂ ਸੀਲ ਮੱਛੀਆਂ ਸਭ ਤੋਂ ਵੱਧ ਪਹੁੰਚ ਵਿੱਚ ਹੁੰਦੀਆਂ ਹਨ, ਰਿੱਛ ਹਰ ਚਾਰ ਜਾਂ ਪੰਜ ਦਿਨਾਂ ਵਿੱਚ ਇੱਕ ਫੜ ਸਕਦਾ ਹੈ। ਕਿਸੇ ਹੋਰ ਰਿੱਛ ਨੂੰ ਸ਼ਿਕਾਰ ਦਾ ਮੁਸ਼ਕ ਆਉਣ ਤੋਂ ਅਤੇ ਮਾਸ ਲਈ ਜ਼ੋਰ-ਆਜ਼ਮਾਈ ਕਰਨ ਤੋਂ ਪਹਿਲਾਂ-ਪਹਿਲਾਂ ਜਿੰਨ੍ਹੀ ਛੇਤੀ ਹੋ ਸਕੇ, ਰਿੱਛ ਚਰਬੀ ਖਾ ਲੈਂਦਾ ਹੈ।
ਜਦੋਂ ਰਿੱਛ ਉਨ੍ਹਾਂ ਇਲਾਕਿਆਂ ਵਿੱਚ ਕੰਢਿਆਂ `ਤੇ ਆਉਂਦੇ ਹਨ ਜਿੱਥੇ ਪਾਣੀ ਉੱਤੇ ਜੰਮੀ ਬਰਫ਼ ਗਰਮੀਆਂ ਵਿੱਚ ਪਿਘਲ ਜਾਂਦੀ ਹੈ, ਉਹ ਹੋਰ ਵਧੇਰੇ ਸੀਲ ਮੱਛੀਆਂ ਦਾ ਸ਼ਿਕਾਰ ਨਹੀਂ ਕਰ ਸਕਦੇ। ਉਹ ਜਮ੍ਹਾਂ ਹੋਈ ਚਰਬੀ `ਤੇ ਗੁਜ਼ਾਰਾ ਕਰਦੇ ਹਨ ਅਤੇ ਆਪਣਾ 80 ਫੀ ਸਦੀ ਸਮਾਂ ਨਿੱਸਲ ਰਹਿ ਕੇ ਊਰਜਾ ਬਚਾਉਂਦੇ ਹਨ। ਜੇ ਲੱਭ ਸਕੇ ਤਾਂ ਮ੍ਰਿਤ ਜਾਨਵਰਾਂ ਤੋਂ ਮਾਸ ਸਾਫ਼ ਕਰ ਲੈਂਦੇ ਹਨ। ਅਤੇ ਗਭਰੇਟ ਰਿੱਛ ਅਤੇ ਛੋਟੇ ਬੱਚਿਆਂ ਵਾਲ਼ੀਆਂ ਰਿੱਛਣੀਆਂ ਤਾਂ ਕਦੇ-ਕਦਾਈਂ ਘਾਹ ਅਤੇ ਬੈਰੀਆਂ ਵੀ ਛਕ ਲੈਂਦੇ ਹਨ। ਰਿੱਛ ਕਈ ਵਾਰੀ ਸਮੁੰਦਰੀ ਬਨਸਪਤੀ ਖਾਣ ਲਈ ਗੋਤੇ ਵੀ ਲਾਉਂਦੇ ਹਨ ਅਤੇ ਪਾਣੀ ਉੱਪਰ ਬੈਠੇ ਸਮੁੰਦਰੀ ਪੰਛੀਆਂ ਨੂੰ ਫੜਨ ਦੀ ਕੋਸ਼ਿਸ਼ ਵਿੱਚ ਪਾਣੀ ਥੱਲਿਉਂ ਤੈਰ ਕੇ ਉਨ੍ਹਾਂ ਦੇ ਥੱਲੇ ਤਕ ਪਹੁੰਚਦੇ ਹਨ। ਰਿੱਛਾਂ ਵੱਲੋਂ ਕੈਰਿਬੂ ਅਤੇ ਮਸਕਔਕਸ ਦਾ ਸ਼ਿਕਾਰ ਕਰ ਕੇ ਖਾਧੇ ਜਾਣ ਦੇ ਮਾਮਲੇ ਬੜੇ ਘੱਟ ਸਾਮ੍ਹਣੇ ਆਏ ਹਨ।
Reproduction
ਜਣਨ ਕਿਰਿਆ
ਚਾਰ ਜਾਂ ਪੰਜ ਸਾਲ ਦੀ ਉਮਰ ਵਿੱਚ ਨਰ ਅਤੇ ਮਦੀਨ ਜਿਨਸੀ ਤੌਰ `ਤੇ ਜਵਾਨ ਹੋ ਜਾਂਦੇ ਹਨ। ਭਾਵੇਂ ਮਦੀਨਾਂ ਮੇਲ ਕਰਨ ਅਤੇ ਬੱਚੇ ਪੈਦਾ ਕਰ ਲੈਣ, ਮਰਦਾਂ ਦੇ ਅੱਠ ਤੋਂ 10 ਦੀ ਉਮਰ ਤਕ ਜਣਨ ਦੀ ਗੁੰਜਾਇਸ਼ ਨਹੀਂ ਹੁੰਦੀ। ਕਿਉਂਕਿ ਢਾਈ ਸਾਲ ਤਕ ਬੱਚੇ ਜ਼ਿਆਦਾਤਰ ਮਾਵਾਂ ਕੋਲ ਰਹਿੰਦੇ ਹਨ, ਮਦੀਨ ਵੱਧ ਤੋਂ ਵੱਧ ਹਰ ਤਿੰਨ ਸਾਲ ਬਾਅਦ ਇੱਕ ਸੂਆ ਦੇ ਸਕਦੀ ਹੈ। ਜਣਨ ਦੀ ਇਹ ਬੜੀ ਘੱਟ ਦਰ ਹੈ ਜਿਸਤੋਂ ਪਤਾ ਲੱਗਦਾ ਹੈ ਕਿ ਜੇ ਆਬਾਦੀ ਘੱਟ ਜਾਵੇ ਤਾਂ ਮੁੜ ਸਹੀ ਹਾਲਤ ਵਿੱਚ ਆਉਣ ਲਈ ਇੰਨ੍ਹਾ ਵਕਤ ਕਿਉਂ ਲੱਗਦਾ ਹੈ।
ਸੁਮੇਲ ਅਪਰੈਲ ਅਤੇ ਮਈ ਵਿੱਚ ਹੁੰਦਾ ਹੈ ਜਦੋਂ ਧਰੁਵੀ ਰਿੱਛ ਪਾਣੀ ਉੱਤੇ ਜੰਮੀ ਬਰਫ਼ ਉੱਤੇ ਸੀਲ ਮੱਛੀਆਂ ਦਾ ਸ਼ਿਕਾਰ ਕਰਨ ਨਿੱਕਲਦੇ ਹਨ। ਪਰ ਅੱਧ-ਸੰਤਬਰ ਤੋਂ ਅੱਧ-ਅਕਤੂਬਰ ਹੋਣ ਤਕ ਉਪਜਾਊ ਅੰਡਾ ਬੱਚੇਦਾਨੀ ਵਿੱਚ ਜਾ ਕੇ ਵੱਡਾ ਨਹੀਂ ਹੋਣ ਲੱਗਦਾ। ਆਰਕਟਿਕ ਦੇ ਬਹੁਤੇ ਹਿੱਸੇ ਵਿੱਚ ਪ੍ਰਸੂਤ ਗੁਫਾ ਵਿੱਚ ਜਾਣ ਦੀ ਕਾਰਵਾਈ ਅੱਧ-ਅਕਤੂਬਰ ਵਿੱਚ ਹੀ ਸ਼ੁਰੂ ਹੁੰਦੀ ਹੈ। ਗਰਭਵਤੀ ਮਦੀਨਾਂ ਤਟ ਦੇ ਨੇੜੇ ਉੱਡ ਕੇ ਜਮ੍ਹਾਂ ਹੋਈ ਬਰਫ਼ ਦੀਆਂ ਡੂੰਘੀਆਂ ਪਰਤਾਂ ਭਾਲਦੀਆਂ ਹਨ। ਅਕਸਰ ਉਹ ਆਪਣੀਆਂ ਗੁਫਾਵਾਂ ਪਹਾੜੀਆਂ ਜਾਂ ਵਾਦੀਆਂ ਦੀਆਂ ਦੱਖਣ ਵੱਲ ਦੀਆਂ ਢਲ਼ਾਣਾਂ ਉੱਤੇ ਖੋਦ ਦੀਆਂ ਹਨ ਜਿੱਥੇ ਉੱਤਰ ਵੱਲ ਨੂੰ ਵੱਗਦੀਆਂ ਹਵਾਵਾਂ ਬਰਫ਼ ਦੀਆਂ ਮੋਟੀਆ ਪਰਤਾਂ ਚਾੜ ਦਿੰਦੀਆਂ ਹਨ।
ਗੁਫਾਵਾਂ ਦਾ ਆਕਾਰ ਵੱਖੋ-ਵੱਖਰਾ ਹੋ ਸਕਦਾ ਹੈ ਪਰ ਪ੍ਰਸੂਤੀ ਖਾਨੇ ਦਾ ਘੇਰਾ ਔਸਤਨ 1.5 ਮੀਟਰ ਅਤੇ ਉਚਾਈ 90 ਤੋਂ 100 ਸੈਂਟੀਮੀਟਰ ਹੁੰਦੀ ਹੈ ਅਤੇ ਇਹ ਦਾਖ਼ਲ ਹੋਣ ਲਈ 1 ਤੋਂ 2 ਮੀਟਰ ਲੰਮੀ ਇੱਕ ਸੁਰੰਗ ਦੇ ਉੱਪਰਲੇ ਹਿੱਸੇ ਵਿੱਚ ਹੁੰਦਾ ਹੈ। ਮਦੀਨ ਵੱਲੋਂ ਆਪਣੀ ਗੁਫਾ ਬਣਾਉਣ ਤੋਂ ਥੋੜੀ ਦੇਰ ਬਾਅਦ ਹੀ ਸੁਰੰਗ ਦਾ ਮੂੰਹ ਉਡਦੀ ਬਰਫ਼ ਨਾਲ ਢਕਿਆ ਜਾਂਦਾ ਹੈ। ਖਾਨਾ ਕਿਉਂਕਿ ਸੁਰੰਗ ਦੇ ਮੂੰਹ ਤੋਂ ਉੱਚਾ ਬਣਾਇਆ ਜਾਂਦਾ ਹੈ, ਇਸ ਲਈ ਰਿੱਛਾਂ ਤੋਂ ਨਿੱਘੀ ਹੋਈ ਕੋਈ ਵੀ ਹਵਾ ਉੱਪਰ ਹੀ ਠਹਿਰ ਜਾਂਦੀ ਹੈ। ਨਤੀਜੇ ਵਜੋਂ ਜਦੋਂ ਗੁਫਾ ਵਿੱਚ ਰਿੱਛ ਹੁੰਦਾ ਹੈ ਤਾਂ ਅੰਦਰਲਾ ਤਾਪਮਾਨ ਸਾਰੀਆਂ ਸਰਦੀਆਂ 0 ਦਰਜਾ ਸੈਂਟੀਗਰੇਡ ਤੋਂ ਥੋੜਾ ਹੀ ਥੱਲੇ ਰਹਿੰਦਾ ਹੈ, ਬਾਹਰ ਭਾਵੇਂ ਕਿੰਨ੍ਹੀ ਵੀ ਠੰਢ ਕਿਉਂ ਨਾ ਹੋਵੇ।
ਬੱਚੇ ਨਵੰਬਰ ਦੇ ਅਖ਼ੀਰ ਤੋਂ ਲੈ ਕੇ ਜਨਵਰੀ ਦੇ ਸ਼ੁਰੂ ਤਕ ਧਰਤ ਉਤਲੇ ਮੁਕਾਮ `ਤੇ ਨਿਰਭਰ ਕਰਦਿਆਂ ਦੋ ਮਹੀਨੇ ਦੇ ਗਰਭਕਾਲ ਤੋਂ ਬਾਅਦ ਪੈਦਾ ਹੁੰਦੇ ਹਨ। ਇੱਕਠੇ ਪੈਦਾ ਹੋਣ ਵਾਲ਼ੇ ਬੱਚਿਆ ਵਿੱਚ ਸਭ ਤੋਂ ਵੱਧ ਗਿਣਤੀ ਦੋ ਬੱਚਿਆਂ ਦੀ ਹੁੰਦੀ ਹੈ, ਤੇ ਉਸ ਤੋਂ ਬਾਅਦ ਸਭ ਤੋਂ ਵੱਧ ਗਿਣਤੀ ਇੱਕ ਬੱਚੇ ਦੀ। ਕਈ ਵਾਰ ਤਿੰਨ ਵੀ ਹੋ ਜਾਂਦੇ ਹਨ, ਖਾਸ ਕਰ ਜਦੋਂ ਭੋਜਨ ਸੰਬੰਧੀ ਹਾਲਾਤ ਖੁਸ਼ਗਵਾਰ ਰਹੇ ਹੋਣ ਅਤੇ ਮਦੀਨਾਂ ਗੁਫਾਵਾਸ ਕਰਨ ਤੋਂ ਪਹਿਲਾਂ ਚੰਗੀ ਚਰਬੀ ਚੜ੍ਹਾ ਸਕਣ; ਚਾਰ ਬੱਚੇ ਵੀ ਵੇਖੇ ਗਏ ਹਨ ਪਰ ਇਹ ਬੇਹੱਦ ਵਿਰਲੇ ਮਾਮਲਿਆਂ ਵਿੱਚ ਹੁੰਦਾ ਹੈ।
ਜਨਮ ਵੇਲ਼ੇ ਬੱਚੇ 25 ਸੈਂਟੀਮੀਟਰ ਲੰਮੇ ਅਤੇ ਇੱਕ ਕਿੱਲੋ ਤੋਂ ਘੱਟ ਭਾਰੇ ਹੁੰਦੇ ਹਨ। ਉਨ੍ਹਾਂ ਦੀਆਂ ਅੱਖਾਂ ਜਨਮ ਸਮੇਂ ਬੰਦ ਹੁੰਦੀਆਂ ਹਨ ਅਤੇ ਉਹ ਇੰਨ੍ਹੀ ਮਹੀਨ ਜੱਤ ਨਾਲ ਢਕੇ ਹੁੰਦੇ ਹਨ ਕਿ ਕਈ ਵੇਰਵਿਆਂ ਵਿੱਚ ਕਿਹਾ ਗਿਆ ਹੈ ਕਿ ਬੱਚਿਆਂ ਦੇ ਜੱਤ ਹੁੰਦੀ ਹੀ ਨਹੀਂ।
ਹਡਸਨਜ਼ ਬੇਅ ਦੇ ਹੇਠਲੇ ਇਲਾਕਿਆਂ ਵਿਚਲੇ ਬਹੁਤੇ ਪਰਿਵਾਰਕ ਦਲ ਫਰਵਰੀ ਦੇ ਅਖ਼ੀਰ ਤੋਂ ਲੈ ਕੇ ਮਾਰਚ ਦੇ ਅੱਧ ਤਕ ਗੁਫਾਵਾਂ ਵਿੱਚੋਂ ਬਾਹਰ ਆ ਜਾਂਦੇ ਹਨ ਅਤੇ ਆਰਕਟਿਕ ਦੇ ਉੱਪਰਲੇ ਇਲਾਕਿਆਂ ਵਿੱਚ ਇਸ ਤੋਂ ਮਹੀਨਾ ਕੁ ਬਾਅਦ। ਪਰਿਵਾਰ ਗੁਫਾ ਵਾਲ਼ੇ ਮੁਕਾਮ `ਤੇ ਇੱਕ ਤੋਂ ਦੋ ਹਫਤੇ ਠੰਢ ਸਹਿਣ ਦਾ ਆਦੀ ਹੋਣ ਅਤੇ ਕਸਰਤ ਕਰਨ ਲਈ ਰਹਿੰਦਾ ਹੈ। ਜੇ ਬਾਅਦ ਦਾ ਸਮੁੰਦਰੀ ਬਰਫ਼ ਤਕ ਦਾ ਸਫਰ ਕੁੱਝ ਕਿਲੋਮੀਟਰ ਤੋਂ ਵਧੇਰੇ ਹੋਵੇ ਤਾਂ ਮਦੀਨ ਆਰਾਮ ਕਰਨ, ਬੱਚਿਆਂ ਨੂੰ ਦੁੱਧ ਪਿਆਉਣ ਅਤੇ ਉਨ੍ਹਾਂ ਨੂੰ ਨਿੱਘ ਦੇਣ ਲਈ ਦਿਨ ਵਿੱਚ ਦੋ ਤੋਂ ਤਿੰਨ ਵਾਰੀ ਰੁਕਦੀਆਂ ਹਨ। ਇੱਕ ਵਾਰੀ ਸਮੁੰਦਰੀ ਬਰਫ਼ `ਤੇ ਵਾਪਸ ਆਉਣ ਤੋਂ ਬਾਅਦ ਮਦੀਨ ਕਦੇ ਕਦੇ ਬਰਫ਼ ਵਿੱਚ ਆਰਾਮ ਕਰਨ ਲਈ ਟੋਏ ਪੁੱਟਦੀਆਂ ਹਨ ਜਿਸ ਨਾਲ ਮੌਜੂਦ ਝੱਖੜਾਂ ਤੋਂ ਬਚਾਅ ਲਈ ਉਨ੍ਹਾਂ ਨੂੰ ਸਹਾਰਾ ਮਿਲ ਸਕੇ ਅਤੇ ਉਹ ਬੱਚਿਆਂ ਨੂੰ ਦੁੱਧ ਪਿਲਾ ਅਤੇ ਸੌਂ ਸਕਣ।
ਬੱਚੇ ਲਗਭਗ ਢਾਈ ਕੁ ਸਾਲ ਦੇ ਹੋਣ `ਤੇ ਪਰਿਵਾਰਕ ਗਰੁੱਪ ਟੁੱਟ ਜਾਂਦਾ ਹੈ। ਕਦੇ-ਕਦੇ ਬੱਚੇ ਸਾਢੇ ਤਿੰਨ ਸਾਲ ਦੀ ਉਮਰ ਤਕ ਆਪਣੀ ਮਾਂ ਨਾਲ ਰਹਿੰਦੇ ਹਨ ਅਤੇ ਪੱਛਮੀ ਹਡਸਨਜ਼ ਬੇਅ ਵਿੱਚ ਤਾਂ ਕਈ ਮਾਵਾਂ ਬੱਚਿਆ ਨੂੰ ਦੁੱਧ ਚੁੰਘਾਉਣੋਂ ਉਦੋਂ ਹੀ ਹਟਦੀਆਂ ਹਨ ਜਦੋਂ ਉਹ ਡੇਢ ਸਾਲ ਦੇ ਹੋ ਜਾਣ। ਧਰੁਵੀ ਰਿੱਛ ਦੀ ਜ਼ਿੰਦਗੀ ਵਿੱਚ ਸ਼ਾਇਦ ਸਭ ਤੋਂ ਔਖਾ ਸਮਾਂ ਉਸ ਦੇ ਇਕੱਲਿਆਂ ਰਹਿਣ ਦਾ ਪਹਿਲਾ ਸਾਲ ਹੁੰਦਾ ਹੈ। ਉਦੋਂ ਹਾਲੇ ਇਹ ਨਿਪੁੰਨਤਾ ਨਾਲ ਸ਼ਿਕਾਰ ਕਰਨਾ ਸਿੱਖ ਰਿਹਾ ਹੁੰਦਾ ਹੈ, ਅਤੇ ਜੇ ਕਿਤੇ ਇਹ ਕੋਈ ਸੀਲ ਮੱਛੀ ਫੜ ਵੀ ਲਵੇ ਤਾਂ ਗੁੰਜਾਇਸ਼ ਇਹੋ ਹੀ ਹੁੰਦੀ ਹੈ ਕਿ ਇਸ ਤੋਂ ਮ੍ਰਿਤ ਜਾਨਵਰ ਵੱਡੇ ਰਿੱਛਾਂ ਨੇ ਖੋਹ ਲੈਣਾ ਹੁੰਦਾ ਹੈ।
Conservation
ਪ੍ਰਤਿਪਾਲਣ
ਆਪਣੇ ਆਕਾਰ ਅਤੇ ਮਿਆਰ `ਤੇ ਨਿਰਭਰ ਕਰਦਿਆਂ ਧਰੁਵੀ ਰਿੱਛ ਦੀਆਂ ਧੁੱਪ ਨਾ ਲਵਾਈਆਂ ਖੱਲਾਂ $500 ਤੋਂ $3,000 ਤਕ ਦੀਆਂ ਵਿਕਦੀਆਂ ਹਨ। ਕਿਸੇ ਇਨੁਕ ਨਸਲ ਦੇ ਸ਼ਿਕਾਰੀ ਲਈ ਉਸਦੀ ਨਕਦ ਆਮਦਨ ਦਾ ਇਹ ਨਿੱਗਰ ਹਿੱਸਾ ਹੋ ਸਕਦਾ ਹੈ। ਨੌਰਥਵੈਸਟ ਟੈਰੀਟੋਰੀਜ਼ ਅਤੇ ਨਿਊਨਾਵੁੱਟ ਦੇ ਹਰ ਤਟੀ ਪਿੰਡ ਦੇ ਹਿੱਸੇ ਵਹਿੰਦੇ ਸਾਲਾਨਾ ਕੋਟੇ ਦੀ ਗਿਣਤੀ ਦੇ ਅੰਦਰ-ਅੰਦਰ ਸ਼ਿਕਾਰੀਆਂ ਨੂੰ ਇਜਾਜ਼ਤ ਹੁੰਦੀ ਹੈ ਕਿ ਉਹ ਗ਼ੈਰ-ਨਿਵਾਸੀ ਸ਼ੌਕੀਆ ਸ਼ਿਕਾਰੀਆਂ ਨੂੰ ਸ਼ਿਕਾਰ ਲਈ ਅਧਿਕਾਰਤ ਕਈ ਟੈਗ ਜਾਂ ਬਿੱਲੇ ਜਾਰੀ ਕਰ ਸਕਣ। ਇਨ੍ਹਾਂ ਸ਼ਿਕਾਰੀਆਂ ਨੂੰ ਧਰੁਵੀ ਰਿੱਛ ਦੇ ਸ਼ਿਕਾਰ ਲਈ ਸਥਾਨਕ ਇਨੂਇਟ ਸ਼ਿਕਾਰੀ ਲੈ ਕੇ ਜਾਂਦੇ ਹਨ ਜਿਸ ਦੀ ਫੀਸ ਆਮ ਤੌਰ `ਤੇ ਪ੍ਰਤੀ ਸ਼ਿਕਾਰ $18,000 ਤੋਂ $20,000 ਤਕ ਹੁੰਦੀ ਹੈ। ਉੱਤਰੀ ਕੈਨੇਡਾ ਦੇ ਛੋਟੇ ਪਿੰਡਾਂ ਲਈ ਨਕਦ ਆਮਦਨ ਦਾ ਇਹ ਅਹਿਮ ਸਾਧਨ ਹੈ। ਗਾਈਡਾਂ ਦੀ ਮਦਦ ਨਾਲ ਚੱਲਦੀ ਇਸ ਸ਼ਿਕਾਰ ਖੇਡ ਅਤੇ ਖੱਲਾਂ ਦੀ ਕੈਨੇਡਾ ਵਿੱਚ ਆਰਥਿਕ ਅਹਿਮੀਅਤ $10 ਲੱਖ ਹੈ।
ਗਾਈਡਾਂ ਰਾਹੀਂ ਚੱਲਦੀ ਸ਼ਿਕਾਰ ਖੇਡ ਵਿੱਚ ਬਚ ਰਹੇ ਬਿੱਲੇ ਜਾਂ ਟੈਗ ਵੱਖੋ-ਵੱਖਰੇ ਖਿਡਾਰੀਆਂ ਨੂੰ ਨਹੀਂ ਵੰਡੇ ਜਾ ਸਕਦੇ, ਅਤੇ ਇਸ ਰਵਾਇਤ ਦਾ ਇੱਕ ਨਤੀਜਾ ਇਹ ਹੈ ਕਿ ਕੁੱਲ ਮਾਰੇ ਜਾਣ ਵਾਲੇ ਰਿੱਛਾਂ ਦੀ ਗਿਣਤੀ ਉਸ ਸੂਰਤ ਵਿੱਚ ਮਾਰੇ ਜਾਣ ਵਾਲੇ ਕੁੱਲ ਰਿੱਛਾਂ ਦੀ ਗਿਣਤੀ ਨਾਲੋਂ ਘੱਟ ਹੁੰਦੀ ਹੈ ਜਿਸ ਵਿੱਚ ਸਾਰੇ ਬਿੱਲੇ ਰੋਜ਼ੀ-ਰੋਟੀ ਲਈ ਸ਼ਿਕਾਰ ਕਰਨ ਵਾਲ਼ੇ ਜਾਂ ਪਰਿਵਾਰਾਂ ਨੂੰ ਭੋਜਨ ਪ੍ਰਦਾਨ ਕਰਨ ਲਈ ਸ਼ਿਕਾਰ ਕਰਨ ਵਾਲ਼ੇ ਸ਼ਿਕਾਰੀਆਂ ਨੂੰ ਵੰਡ ਦਿੱਤੇ ਜਾਣ। ਅਤੇ ਸ਼ੌਂਕੀਆ ਸ਼ਿਕਾਰ ਕਰਨ ਵਾਲ਼ੇ ਬਹੁਤੇ ਸ਼ਿਕਾਰੀ ਕਿਉਂਕਿ ਵੱਡੇ ਰਿੱਛਾਂ ਦਾ ਸ਼ਿਕਾਰ ਕਰਦੇ ਹਨ, ਸਮੁੱਚੇ ਤੌਰ `ਤੇ ਬਾਲਗ਼ ਨਦੀਨਾਂ ਘੱਟ ਮਾਰੀਆਂ ਜਾਂਦੀਆਂ ਹਨ, ਜਿਸ ਨਾਲ ਆਬਾਦੀ ਦੇ ਉਪਜਾਊ ਹਿੱਸੇ ਨੂੰ ਕੁੱਝ ਵਧੀਕ ਹਿਫਾਜ਼ਤ ਮਿਲਦੀ ਹੈ। ਚਿੜੀਆ-ਘਰਾਂ ਵਿੱਚ ਧਰੁਵੀ ਰਿੱਛਾਂ ਨੂੰ ਬੜੇ ਮੁੱਲਵਾਨ ਨੁਮਾਇਸ਼ੀ ਜਾਨਵਰ ਮੰਨਿਆ ਜਾਂਦਾ ਹੈ ਅਤੇ ਇਹ ਮਸ਼ਹੂਰ ਮਾਸਕੋ ਸਰਕਸ ਦੇ ਕੇਂਦਰੀ ਆਕਰਸ਼ਣਾਂ ਵਿੱਚੋਂ ਇੱਕ ਹਨ।
ਰਿੱਛਾਂ ਦਾ ਮੀਟ ਹੋ ਸਕਦਾ ਹੈ ਮਨੁੱਖ ਵੀ ਖਾ ਲੈਣ ਅਤੇ ਅਕਸਰ ਇਸ ਨੂੰ ਕੁੱਤਿਆਂ ਦੇ ਭੋਜਨ ਵਜੋਂ ਵਰਤਿਆ ਜਾਂਦਾ ਹੈ। ਪਰ ਧਰੁਵੀ ਰਿੱਛਾਂ ਦਾ ਮਾਸ ਕਈ ਵਾਰੀ ਛੂਤਦਾਰ ਹੋ ਸਕਦਾ ਹੈ, ਸੋ ਖਾਣ ਤੋਂ ਪਹਿਲਾਂ ਇਸ ਨੂੰ ਚੰਗੀ ਤਰ੍ਹਾਂ ਰਿੰਨ੍ਹ ਲੈਣਾ ਚਾਹੀਦਾ ਹੈ। ਮਨੁੱਖਾਂ ਅਤੇ ਕੁੱਤਿਆਂ ਲਈ ਧਰੁਵੀ ਰਿੱਛ ਦਾ ਜਿਗਰਾ ਵੀ ਖ਼ਤਰਨਾਕ ਹੋ ਸਕਦਾ ਹੈ ਕਿਉਂਕਿ ਇਸ ਵਿੱਚ ਵਿਟਾਮਿਨ ਏ ਦੀ ਜ਼ਿਆਦਾ ਮਾਤਰਾ ਹੋ ਸਕਦੀ ਹੈ।
ਭਾਵੇਂ ਧਰੁਵੀ ਰਿੱਛਾਂ ਦੀ ਨਸਲ ਅਲੋਪ ਹੋ ਜਾਣ ਦਾ ਕੋਈ ਫੌਰੀ ਖ਼ਤਰਾ ਨਹੀਂ ਹੈ, ਉਨ੍ਹਾਂ ਨੂੰ ਬਾਕੀ ਵੱਡੇ ਸ਼ਿਕਾਰੀ ਜਾਨਵਰਾਂ ਵਾਲ਼ੇ ਖ਼ਤਰੇ ਪੇਸ਼ ਹਨ: ਉਨ੍ਹਾਂ ਦੇ ਵਸੇਬੇ ਵਾਲੇ ਇਲਾਕੇ ਉੱਤੇ ਮਨੁੱਖਾਂ ਦੀ ਦਬਸ਼, ਗ਼ੈਰਕਾਨੂੰਨੀ ਸ਼ਿਕਾਰ, ਅਤੇ ਉਨ੍ਹਾਂ ਵੱਲੋਂ ਕੀਤੇ ਜਾਣ ਵਾਲ਼ੇ ਸ਼ਿਕਾਰਾਂ ਵਿੱਚ ਰਸਾਇਣਕ ਪਦਾਰਥਾਂ ਦੀ ਮੌਜੂਦਗੀ। ਆਲਮੀ ਤਾਪਕ੍ਰਮ ਵਿੱਚ ਵਾਧੇ ਜਾਂ ਮੌਸਮ ਵਿੱਚ ਤਬਦੀਲੀ – ਜੋ ਆਰਕਟਿਕ ਖੇਤਰ ਵਿੱਚ ਬਰਫ਼ ਦੀ ਚਾਦਰ ਵਿੱਚ ਕਮੀ ਕਰ ਕੇ, ਕੇਂਦਰੀ ਧਰੁਵ ਦੇ ਬੇਟ ਖੇਤਰ ਵਿੱਚ ਤੈਰਦੀ ਬਰਫ਼ ਦੀ ਪਰਤ ਨੂੰ ਪੇਤਲਾ ਕਰ ਕੇ ਅਤੇ ਹਡਸਨਜ਼ ਬੇਅ ਵਰਗੇ ਦੱਖਣ ਵੱਲ ਵਧੇਰੇ ਵਧਵੇਂ ਇਲਾਕਿਆਂ ਵਿੱਚ ਜੰਮ ਜਾਣ ਅਤੇ ਟੁੱਟਣ ਲਈ ਲੱਗਦੇ ਸਮੇਂ ਵਿੱਚ ਤਬਦੀਲੀ ਲਿਆ ਕੇ ¬- ਦੇ ਰੂਪ ਵਿੱਚ ਇੱਕ ਨਵਾਂ ਖ਼ਤਰਾ ਪੇਸ਼ ਹੋਇਆ ਹੈ। Committee on the Status of Endangered Wildlife in Canada (ਕੈਨੇਡਾ ਵਿੱਚ ਖ਼ਤਰੇ ਦਾ ਸਾਮ੍ਹਣਾ ਕਰ ਰਹੇ ਜੰਗਲੀ ਜੀਵਾਂ ਦੇ ਰੁਤਬੇ ਬਾਰੇ ਕਮੇਟੀ) ਨੇ ਧਰੁਵੀ ਰਿੱਛਾਂ ਨੂੰ ਅਜਿਹੇ ਤੱਤਾਂ ਕਾਰਣ ਕੈਨੇਡਾ ਵਿੱਚ ਵਿਸ਼ੇਸ਼ ਫਿਕਰ ਵਾਲ਼ੀ ਇੱਕ ਨਸਲ ਮੰਨਿਆ ਹੈ ਜੋ ਮਨੁੱਖੀ ਸਰਗਰਮੀਆਂ ਜਾਂ ਕੁਦਰਤੀ ਘਟਨਾਵਾਂ ਪ੍ਰਤੀ ਖਾਸ ਕਰ ਕੇ ਸੰਵੇਦਨਸ਼ੀਲ ਹੈ।
ਧਰੁਵੀ ਰਿੱਛਾਂ ਦੀ ਵਰਤਮਾਨ ਆਬਾਦੀ 25,000 ਤੋਂ 30,000 ਹੈ। ਕਨੇਡਾ ਦੀ ਆਬਾਦੀ ਹੀ ਸੰਭਾਵਿਤ ਤੌਰ `ਤੇ 15,000 ਤੋਂ ਵਧੇਰੇ ਹੈ। ਧਰੁਵੀ ਰਿੱਛ ਦਾ ਮੁੱਖ ਸ਼ਿਕਾਰੀ ਸ਼ਿਕਾਰ ਕਰਨ ਵਾਲ਼ਾ ਮਨੁੱਖ ਹੈ। ਹਾਲੀਆ ਵਰ੍ਹਿਆਂ ਦੌਰਾਨ ਦੁਨੀਆਂ ਭਰ ਵਿੱਚ 1,000 ਤੋਂ ਘੱਟ ਰਿੱਛ ਸਾਲਾਨਾ ਮਾਰੇ ਗਏ ਹਨ। ਕੋਈ 500 ਤੋਂ 600 ਦੇ ਦਰਮਿਆਨ ਤਾਂ ਕੈਨੇਡਾ ਵਿੱਚ ਇਨੂਈਟ ਅਤੇ ਅਮੈਰੀਇੰਡੀਅਨ ਸ਼ਿਕਾਰੀ ਹੀ ਇੱਕ ਸਾਲਾਨਾ ਕੋਟਾ ਪ੍ਰਣਾਲੀ ਤਹਿਤ ਮਾਰ ਕੇ ਲੈ ਜਾਂਦੇ ਹਨ। ਇਸ ਪ੍ਰਣਾਲੀ `ਤੇ ਸਾਲਾਨਾ ਨਿਊਨਾਵੁੱਟ, ਨਾਰਥਵੈਸਟ ਟੈਰੀਟੋਰੀਜ਼, ਯੂਕੌਨ, ਓਨਟੇਰੀਓ, ਮੈਨੀਟੋਬਾ, ਕਿਊਬੈੱਕ ਅਤੇ ਨਿਊਫਾਊਂਡਲੈਂਡ ਐਂਡ ਲੈਬਰਾਡੋਰ ਵਿੱਚ ਨਜ਼ਰਸਾਨੀ ਕੀਤੀ ਜਾਂਦੀ ਹੈ।
Canadian Wildlife Service (ਜੰਗਲੀ ਜੀਵਾਂ ਬਾਰੇ ਕਨੇਡਾ ਦੀ ਸੇਵਾ) 1961 ਤੋਂ ਧਰੁਵੀ ਰਿੱਛਾਂ ਦਾ ਅਧਿਐਨ ਕਰ ਰਹੀ ਹੈ। ਅਧਿਐਨ ਆਬਾਦੀ ਦੇ ਆਕਾਰ, ਵਾਧੇ ਦੀਆਂ ਦਰਾਂ, ਜਣਨ ਦਰਾਂ, ਥਾਂ-ਬਦਲੀ, ਜ਼ਹਿਰੀਲੇ ਰਸਾਇਣਾਂ ਨਾਲ ਪ੍ਰਦੂਸ਼ਣ, ਅਤੇ ਮੌਸਮੀ ਅਤੇ ਵਾਤਾਵਰਣ ਵਿੱਚ ਲੰਮੇ ਸਮੇਂ ਦੀ ਤਬਦੀਲੀ ਦੇ ਅਸਰਾਂ ਬਾਰੇ ਜਾਣਕਾਰੀ ਪੇਸ਼ ਕਰਦਾ ਹੈ। ਜੰਗਲੀ ਜੀਵਾਂ ਬਾਰੇ ਕੈਨੇਡਾ ਦੀ ਸੇਵਾ ਧਰੁਵੀ ਰਿੱਛਾਂ ਬਾਰੇ ਦੋ ਸਥਾਈ ਕੌਮੀ ਕਮੇਟੀਆਂ (ਇੱਕ ਸਾਇੰਸਦਾਨਾਂ ਦੀ ਅਤੇ ਦੂਜੀ ਵਰਿਸ਼ਠ ਪ੍ਰਸ਼ਾਸਕਾਂ ਤੋਂ ਬਣੀ) ਵਿੱਚ ਵੀ ਨੁਮਾਇੰਦਗੀ-ਪ੍ਰਾਪਤ ਹੈ। ਇਨ੍ਹਾਂ ਵਿੱਚੋਂ ਹਰ ਇੱਕ ਅਧਿਐਨ ਦੇ ਨਵੇਂ ਨਤੀਜੇ ਅਤੇ ਕੈਨੇਡਾ ਦੇ ਵਿੱਚ-ਵਿੱਚ ਪ੍ਰਸ਼ਾਸਨਿਕ ਸਮੱਸਿਆਵਾਂ ਬਾਰੇ ਗ਼ੌਰ ਕਰਨ ਲਈ ਸਾਲਾਨਾ ਪੱਧਰ `ਤੇ ਮੀਟਿੰਗਾਂ ਕਰਦੀ ਹੈ।
ਧਰੁਵੀ ਰਿੱਛਾਂ ਦੇ ਪ੍ਰਤਿਪਾਲਣ ਲਈ ਅੰਤਰਾਸ਼ਟਰੀ ਸਹਿਯੋਗ ਦੀ ਲੋੜ ਹੈ ਕਿਉਂਕਿ ਕਈ ਆਬਾਦੀਆਂ ਅਨੇਕਾਂ ਮੁਲਕਾਂ ਦਰਮਿਆਨ ਸਾਂਝੀਆਂ ਹਨ ਅਤੇ ਕਿਉਂਕਿ ਪ੍ਰਦੂਸ਼ਣ ਕਾਰਕ ਅਤੇ ਮੌਸਮ ਦੀ ਤਬਦੀਲੀ ਸਮੁੱਚੇ ਆਰਕਟਿਕ ਖਿੱਤੇ `ਤੇ ਅਸਰ ਪਾ ਰਹੀ ਹੈ। ਸੰਨ 1965 ਤੋਂ ਲੈ ਕੇ ਧਰੁਵੀ ਰਿੱਛਾਂ ਦੇ ਅਧਿਐਨ ਦੀ ਮੁਹਾਰਤ ਰੱਖਣ ਵਾਲ਼ੇ ਵਿਗਿਆਨਕਾਂ ਦਾ ਇੱਕ ਅੰਤਰਾਸ਼ਟਰੀ ਦਲ International Union for Conservation of Nature and Natural Resources (IUCN) [ਕੁਦਰਤ ਅਤੇ ਕੁਦਰਤੀ ਵਸੀਲਿਆਂ ਦੇ ਪ੍ਰਤਿਪਾਲਣ ਲਈ ਅੰਤਰਾਸ਼ਟਰੀ ਯੂਨੀਅਨ (ਆਈ.ਯੂ.ਸੀ.ਐੱਨ.)], ਜਿਸ ਨੂੰ World Conservation Union (ਆਲਮੀ ਪ੍ਰਤਿਪਾਲਣ ਸੰਘ) ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ, ਦੀ ਅਗਵਾਈ ਹੇਠ ਪੂਰੇ ਆਰਕਿਟਕ ਖੇਤਰ ਵਿੱਚ ਧਰੁਵੀ ਰਿੱਛਾਂ ਬਾਰੇ ਖੋਜ ਅਤੇ ਇਨ੍ਹਾਂ ਦੀ ਸੰਭਾਲ ਦਾ ਕਾਰਜ ਕਰ ਰਿਹਾ ਹੈ। ਪੰਜ ਦੇਸ਼ਾਂ – ਕੈਨੇਡਾ, ਡੈਨਮਾਰਕ, ਨਾਰਵੇ, ਯੂਨਾਈਟਿਡ ਸਟੇਟਸ ਅਤੇ ਯੂ.ਐੱਸ.ਐੱਸ.ਆਰ. – ਨੇ ਔਸਲੋ, ਨਾਰਵੇ, ਵਿੱਚ 1973 ਵਿੱਚ ਧਰੁਵੀ ਰਿੱਛਾਂ ਦੇ ਪ੍ਰਤਿਪਾਲਣ ਬਾਰੇ ਇੱਕ ਅੰਤਰਾਸ਼ਟਰੀ ਇਕਰਾਰਨਾਮਾ ਕੀਤਾ ਸੀ। ਇਹ ਇਕਰਾਰਨਾਮਾ 1976 ਵਿੱਚ ਲਾਗੂ ਹੋਇਆ ਸੀ। IUCN/Species Survival Commission Polar Bear Specialists Group (ਆਈ.ਯੂ.ਸੀ.ਐੱਨ./ਨਸਲਾਂ ਦੇ ਬਚਾਅਕਾਰੀ ਕਮਿਸ਼ਨ ਦਾ ਧਰੁਵੀ ਰਿੱਛਾਂ ਬਾਰੇ ਮੁਹਾਰਤ ਰੱਖਣ ਵਾਲ਼ਾ ਦਲ) ਵਿੱਚ ਜੰਗਲੀ ਜੀਵਾਂ ਬਾਰੇ ਕਨੇਡਾ ਦੀ ਸੇਵਾ ਨੂੰ ਨੁਮਾਇੰਦਗੀ ਮਿਲਦੀ ਹੈ। ਇਹ ਦਲ ਹਰ ਤਿੰਨ ਜਾਂ ਚਾਰ ਸਾਲ ਬਾਅਦ ਮਿਲਦਾ ਹੈ ਅਤੇ ਅਧਿਐਨ ਅਤੇ ਪ੍ਰਤਿਪਾਲਣ ਦੇ ਪੱਖਾਂ ਬਾਰੇ ਆਈ.ਯੂ.ਸੀ.ਐੱਨ. ਨੂੰ ਅਤੇ ਧਰੁਵੀ ਰਿੱਛਾਂ ਬਾਰੇ ਇਕਰਾਰਨਾਮਾ ਕਰਨ ਵਾਲ਼ੇ ਦੇਸ਼ਾਂ ਨੂੰ ਮਸ਼ਵਰਾ ਦਿੰਦਾ ਹੈ।
ਇਸ ਵੇਲ਼ੇ ਧਰੁਵੀ ਰਿੱਛ ਸਭ ਤੋਂ ਚੰਗੀ ਤਰ੍ਹਾਂ ਸੰਭਾਲੇ ਜਾਣ ਵਾਲ਼ੇ ਵੱਡੇ ਆਰਕਟਿਕ ਥਣਧਾਰੀ ਜਾਨਵਰਾਂ ਵਿੱਚ ਆਉਂਦਾ ਹੈ. ਜੇ ਸਾਰੇ ਆਰਕਟਿਕ ਦੇਸ਼ ਧਰੁਵੀ ਰਿੱਛਾਂ ਬਾਰੇ ਇਕਰਾਰਨਾਮੇ ਦੀਆਂ ਸ਼ਰਤਾਂ ਦੀ ਪਾਲਣਾ ਕਰਦੇ ਰਹਿਣ ਤਾਂ ਇਸ ਆਲੀਸ਼ਾਨ ਨਸਲ ਦਾ ਭਵਿੱਖ ਮਹਿਫੂਜ਼ ਹੋਵੇਗਾ।
Ressources
ਸ੍ਰੋਤ
ਆਨਲਾਈਨ ਸ੍ਰੋਤ
ਕੈਨੇਡਾ ਵਿੱਚ ਧਰੁਵੀ ਰਿੱਛਾਂ ਦਾ ਪ੍ਰਤਿਪਾਲਣ
ਛਪੇ ਹੋਏ ਸ੍ਰੋਤ
Larsen, T. (ਲਾਰਸਨ, ਟੀ.) 1978. ਦ ਵਰਲਡ ਆਫ਼ ਦ ਪੋਲਰ ਬਿਅਰ। ਹੈਮਲਿਨ, ਲੰਡਨ।
Stirling, I. (ਸਟਰਲਿੰਗ, ਆਈ.) 1988. ਧਰੁਵੀ ਰਿੱਛ। ਯੂਨੀਵਰਸਿਟੀ ਆਫ਼ ਮਿਸ਼ੀਗਨ ਪ੍ਰੈੱਸ, ਐਨ ਆਰਬਰ, ਮਿਸ਼ੀਗਨ; ਅਤੇ ਫਿਜ਼ਹੈਨਰੀ ਐਂਡ ਵ੍ਹਾਈਟਸਾਈਡ, ਮਾਰਖਮ, ਓਨਟੇਰੀਓ।
© ਹਰ ਮੈਜਿਸਟੀ ਦ ਕੂਈਨ, ਕਨੇਡਾ `ਤੇ ਅਧਿਕਾਰ ਤਹਿਤ, ਵਾਤਾਵਰਨ ਮੰਤਰੀ ਵੱਲੋਂ ਨੁਮਾਇੰਦਗੀ ਹੇਠ, 1973, 1989, 2003. ਸਭ ਹੱਕ ਰਾਖਵੇਂ ਹਨ।
ਕੈਟਾਲਾਗ ਨੰਬਰ CW69-4/18-2003E-HTML
ISBN 0-662-34995-4
ਪਾਠ: I. Stirling (ਆਈ. ਸਟਰਲਿੰਗ)
ਫ਼ੋਟੋ: Bev McMullen (ਬੈਵ ਮੈਕਮੂਲੈੱਨ)
ਸਕੈੱਚ: Wendy Kramer (ਵੈਂਡੀ ਕ੍ਰੇਮਰ)