Description
ਵੇਰਵਾ
ਚੁੰਝ ਦੀ ਨੋਕ ਤੋਂ ਪੂੰਛ ਦੇ ਸਿਰੇ ਤਕ ਸਿਰਫ 12 ਤੋਂ 15 ਸੈਂਟੀਮੀਟਰ ਦੀ ਲੰਬਾਈ ਵਾਲੀ Black-capped Chickadee (ਕਾਲੇ ਸਿਰ ਵਾਲੀ ਚਿੱਕਾਡੀ, Poecile atricapilla) ਉੱਪਰੋਂ ਹਰੀ-ਸਲੇਟੀ, ਪੇਟ ਵਾਲੇ ਪਾਸੇ ਚਿੱਟੀ ਅਤੇ ਪਾਸਿਆਂ ਤੋਂ ਹਲਕੀ ਭੂਰੀ ਭਾਅ ਵਾਲੀ ਹੁੰਦੀ ਹੈ। ਇਸਦੀ ਲੰਬੀ, ਗੂੜ੍ਹੀ ਸਲੇਟੀ ਪੂੰਛ ਕਿਸੇ ਦਸਤੇ ਵਰਗੀ ਲਗਦੀ ਹੈ। ਇਸਦੀਆਂ ਚਮਕਦੀਆਂ ਅੱਖਾਂ ਦੁਆਲੇ ਨੂੰ ਚੰਗੀ ਤਰ੍ਹਾਂ ਢਕਦੀ ਕਾਲੇ ਰੰਗ ਦੀ ਇੱਕ ਪਰਤ ਇਸਦੀ ਨੋਕਦਾਰ ਚੁੰਝ ਤੋਂ ਲੈ ਕੇ ਸਿਰ ਉੱਤੋਂ ਹੁੰਦੀ ਹੋਈ ਗਿੱਚੀ ਤਕ ਜਾਂਦੀ ਹੈ। ਚਿਹਰੇ ਉਤਲੇ ਖਾਲਸ ਚਿੱਟੇ ਧੱਬੇ ਅਤੇ ਗਲ਼ ਉੱਤੇ ਕਾਲੇ ਰੰਗ ਦਾ ਇੱਕ ਧੱਬਾ ਇਸ ਦੀਆਂ ਸਭ ਤੋਂ ਸਪਸ਼ਟ ਨਿਸ਼ਾਨੀਆਂ ਨੂੰ ਪੂਰਾ ਕਰਦੇ ਹਨ। ਕਿਉਂਕਿ ਚਿੱਕਾਡੀਆਂ ਰੁੱਤਾਂ ਅਤੇ ਵਸੇਬਿਆਂ ਦੀ ਇੱਕ ਵੱਡੀ ਜ਼ੱਦ ਵਿੱਚ ਵਸਦੀਆਂ ਹਨ, ਅਲੱਗ-ਅਲੱਗ ਆਬਾਦੀਆਂ ਵਿਚਲੇ ਪੰਛੀ ਆਕਾਰ ਅਤੇ ਖੰਭਾਂ ਦੇ ਲਿਹਾਜ ਨਾਲ ਕੁੱਝ-ਕੁੱਝ ਫਰਕ ਵਾਲੇ ਹੋ ਸਕਦੇ ਹਨ।
ਚਿੱਕਾਡੀਆਂ ਦੀਆਂ ਕਈ ਕਿਸਮਾਂ ਕਾਲੇ ਸਿਰ ਵਾਲੀਆਂ ਚਿੱਕਾਡੀ ਨਾਲ ਮਿਲਦੀਆਂ-ਜੁਲਦੀਆਂ ਹੁੰਦੀਆਂ ਹਨ। Mountain Chickadee (ਪਹਾੜੀ ਚਿੱਕਾਡੀ, Poecile gambeli) ਕਾਲੇ ਸਿਰ ਵਾਲੀ ਨਾਲੋਂ ਅੱਖਾਂ ਉੱਪਰ ਇੱਕ ਚਿੱਟੀ ਧਾਰੀ ਦੀ ਮੌਜੂਦਗੀ ਕਾਰਣ ਵੱਖਰੀ ਹੁੰਦੀ ਹੈ। ਕਨੇਡਾ ਵਿੱਚ ਇਹ ਸਿਰਫ ਬ੍ਰਿਟਿਸ਼ ਕੋਲੰਬੀਆ ਅਤੇ ਐਲਬਰਟਾ ਦੀਆਂ ਪਹਾੜੀਆਂ ਵਿੱਚ ਹੀ ਰਹਿੰਦੀ ਹੈ। ਪਹਾੜੀ ਚਿੱਕਾਡੀ ਅਤੇ ਕਾਲੇ ਸਿਰ ਵਾਲੀ ਚਿੱਕਾਡੀ ਦੀਆਂ ਕਿਸਮਾਂ ਬੜੀਆਂ ਨੇੜਲੀਆਂ ਹਨ ਅਤੇ ਦੋਵੇਂ ਕਿਸਮਾਂ ਦੇ ਪੰਛੀ ਅਕਸਰ ਇੱਕ-ਦੂਜੇ ਨਾਲ ਵਿਆਹ ਵੀ ਕਰ ਲੈਂਦੇ ਹਨ।
Gray-headed Chickadee (ਸਲੇਟੀ ਸਿਰ ਵਾਲੀ ਚਿੱਕਾਡੀ, Poecile cincta) ਏਸ਼ੀਆ ਅਤੇ ਯੂਰਪ ਵਿੱਚ ਵਿਆਪਕ ਇਲਾਕਿਆਂ ਵਿੱਚ ਪਾਈ ਜਾਂਦੀ ਹੈ। ਉੱਤਰੀ ਅਮਰੀਕਾ ਵਿੱਚ ਭੂਰੇ-ਸਲੇਟੀ ਰੰਗ ਦੀ ਇਹ ਚਿੱਕਾਡੀ ਉੱਤਰ-ਪੱਛਮੀ ਯੂਕੌਨ ਅਤੇ ਪੂਰਬੀ ਅਲਾਸਕਾ ਦੀ ਇੱਕ ਜਿਹੀ ਨੁੱਕਰ ਵਿੱਚ ਪਾਈ ਜਾਂਦੀ ਹੈ ਜਿੱਥੇ ਇਹ ਦਰਖ਼ਤਾਂ ਦੀ ਹੱਦ ਉੱਤੇ ਵਿੱਲੋ ਅਤੇ ਫਰ ਦੇ ਜੰਗਲਾਂ ਵਿੱਚ ਰਹਿੰਦੀ ਹੈ।
Boreal Chickadee (ਬੋਰੀਅਲ ਚਿੱਕਾਡੀ, Poecile hudsonica) ਗੂੜ੍ਹੇ ਭੂਰੇ ਰੰਗ ਦਾ ਸਿਰ, ਉੱਪਰੋਂ ਸਲੇਟੀ-ਭੂਰੀ ਅਤੇ ਪਾਸਿਆਂ ਤੋਂ ਭੂਰੀ ਹੋਣ ਦੇ ਨਾਲ-ਨਾਲ ਹੇਠਲੇ ਪਾਸਿਉਂ ਸਲੇਟੀ-ਚਿੱਟੀ ਜਾਂ ਹਲਕੀ ਸਲੇਟੀ ਹੁੰਦੀ ਹੈ। ਇਸਦੇ ਚਿਹਰੇ ਦੇ ਧੱਬੇ ਅਕਸਰ ਸਲੇਟੀ-ਚਿੱਟੇ ਅਤੇ ਗਲ਼ੇ ਦਾ ਧੱਬਾ ਕਾਲ਼ਾ ਹੁੰਦਾ ਹੈ। ਕਾਲੇ ਸਿਰ ਵਾਲੀ ਵਾਂਗ ਹੀ ਇਹ ਕਨੇਡਾ ਭਰ ਵਿੱਚ ਪਾਈ ਜਾਂਦੀ ਹੈ ਅਤੇ ਉੱਤਰ ਵੱਲ ਦਰਖ਼ਤਾਂ ਦੀ ਹੱਦ ਤਕ ਮੌਜੂਦ ਸ਼ੰਕੂਫਲ ਵਾਲੇ ਦਰਖ਼ਤਾਂ ਜਾਂ ਕੋਨੀਫਰਾਂ ਦੇ ਜੰਗਲਾਂ ਵਿੱਚ ਰਹਿੰਦੀ ਹੈ।
Chestnut-backed Chickadee (ਲਾਖੇ ਰੰਗ ਦੀ ਪਿੱਠ ਵਾਲੀ ਚਿੱਕਾਡੀ, Poecile rufescens) ਬ੍ਰਿਟਿਸ਼ ਕੋਲੰਬੀਆ ਦੇ ਦੱਖਣੀ ਹਿੱਸੇ ਵਿਚਲੇ ਤਟਵਰਤੀ ਜੰਗਲਾਂ ਵਿੱਚ ਰਹਿੰਦੀ ਹੈ। ਇਸਦਾ ਭੂਰਾ ਸਿਰ ਅਤੇ ਭੂਰਾ-ਕਾਲਾ ਗਲ਼ਾ ਇਸਦੀ ਲਾਖ਼ੇ ਰੰਗ ਦੀ ਪਿੱਠ ਅਤੇ ਪਾਸਿਆਂ ਨਾਲ ਖੂਬ ਮੇਲ ਖਾਂਦੇ ਹਨ।
ਇਸ਼ਾਰੇ ਅਤੇ ਆਵਾਜ਼ਾਂ
ਝੁੰਡ ਵਿਚਲੇ ਬਾਕੀ ਪੰਛੀਆਂ ਅਤੇ ਬੱਚਿਆਂ ਨਾਲ ਗੱਲਬਾਤ ਲਈ ਚਿੱਕਾਡੀ ਘੱਟੋ-ਘੱਟ 15 ਤਰ੍ਹਾਂ ਦੀਆਂ ਆਵਾਜ਼ਾਂ ਪੈਦਾ ਕਰਦੀ ਹੈ। ਸਭ ਤੋਂ ਆਮ ਆਵਾਜ਼ ਚਿੱਕਾਡੀ-ਡੀ-ਡੀ ਹੈ ਜਿਸ ਤੋਂ ਪੰਛੀ ਦਾ ਨਾਮ ਪਿਆ ਹੈ। ਇਸ ਆਵਾਜ਼ ਨਾਲ ਨਰ ਅਤੇ ਮਦੀਨ, ਦੋਵੇਂ ਚਿੱਕਾਡੀਆਂ ਘੁਸਪੈਠ ਕਰਨ ਵਾਲਿਆਂ ਨੂੰ ਟੱਕਰਦੀਆਂ ਅਤੇ ਝਿੜਕਦੀਆਂ ਹਨ, ਅਤੇ ਆਪਣੇ ਸਾਥੀਆਂ, ਬੱਚਿਆਂ ਅਤੇ ਝੁੰਡ ਵਿਚਲੇ ਹੋਰ ਪੰਛੀਆਂ ਨੂੰ ਭੋਜਨ ਅਤੇ ਸ਼ਿਕਾਰੀ ਜਾਨਵਰਾਂ ਬਾਰੇ ਇਤਲਾਹ ਦਿੰਦੀਆਂ ਹਨ।
ਨਰ ਚਿੱਕਾਡੀਆਂ ਦੋ ਜਾਂ ਤਿੰਨ ਸੀਟੀਆਂ ਵਾਲੇ ਟੱਪੇ (ਇੱਕ ਤੇਜ਼ ਅਤੇ ਥੋੜੀ ਲੰਬੀ, ਤੇ ਨਾਲ ਹੀ ਦੋ ਮੱਧਮ, ਛੋਟੀਆਂ) ਵੀ ਗਾਉਂਦੀਆਂ ਹਨ: ਫੀ-ਬੀਅ ਜਾਂ ਫੀ-ਬੀਅ-ਬੀਅ । ਨਰ ਸਾਲ ਦੀ ਕਿਸੇ ਵੀ ਰੁੱਤ ਵਿੱਚ ਗਾਉਣ ਲੱਗ ਸਕਦੇ ਹਨ ਪਰ ਜ਼ਿਆਦਾਤਰ ਆਲ੍ਹਣੇ ਪਾਉਣ ਦੀ ਰੁੱਤ, ਜੋ ਆਪਣਾ ਇਲਾਕਾ ਮੱਲਣ, ਆਲ੍ਹਣੇ ਪਾਉਣ ਅਤੇ ਆਂਡੇ ਦੇਣ ਵੇਲ਼ੇ ਸਿਖ਼ਰ `ਤੇ ਪਹੁੰਚ ਜਾਂਦੀ ਹੈ, ਦੌਰਾਨ ਗਾਂਦੇ ਹਨ। ਦਿਨ ਵੇਲ਼ੇ ਨਰ ਕਿਤੇ-ਕਿਤੇ ਹੀ ਗਾਉਂਦੇ ਹਨ ਪਰ ਤੜ੍ਹਕੇ ਉਹ 20 ਮਿੰਟ ਤੋਂ ਲੈ ਕੇ ਇੱਕ ਘੰਟੇ ਤਕ ਚੂਕ ਕੇ ਮਦੀਨਾਂ ਨੂੰ ਪਰਚਾਉਂਦੇ ਹਨ।
Back to topHabitat and Habits
ਵਸੇਬਾ ਅਤੇ ਆਦਤਾਂ
ਪੱਤਝੜ ਅਤੇ ਸਰਦੀਆਂ ਵਿੱਚ ਕਾਲੇ ਸਿਰ ਵਾਲੀਆਂ ਚਿੱਕਾਡੀਆਂ ਚਾਰ ਤੋਂ ਲੈ ਕੇ 12 ਪੰਛੀਆਂ ਤਕ ਦੇ ਕੱਚੇ ਝੁੰਡਾਂ ਵਿੱਚ ਰਹਿੰਦੀਆਂ ਹਨ। ਹਰ ਝੁੰਡ ਅਜਿਹੇ ਜੋੜਿਆਂ ਤੋਂ ਬਣਦਾ ਹੈ ਜਿਹੜੇ ਗਰਮੀਆਂ ਵਿੱਚ ਸਥਾਨਕ ਤੌਰ `ਤੇ ਇਕੱਠੇ ਮੇਲ ਕਰਦੇ ਰਹੇ ਹੋਣ, ਅਤੇ ਇਨ੍ਹਾਂ ਵਿੱਚ ਆਲ਼ੇ-ਦੁਆਲ਼ੇ ਦੀਆਂ ਆਬਾਦੀਆਂ ਤੋਂ ਬੇਗਾਨੇ ਜਵਾਨ ਪੰਛੀ ਵੀ ਆ ਮਿਲਦੇ ਹਨ।
ਅਕਤੂਬਰ ਤੋਂ ਮਾਰਚ ਤਕ ਝੁੰਡ 8 ਤੋਂ 20 ਹੈਕਟਰ ਦੇ ਖਿੱਤੇ ਵਿੱਚ ਝੁੰਡ ਇੱਕ ਤੋਂ ਦੂਜੇ ਦਰੱਖਤ ਤਕ ਉਡਾਰੀਆਂ ਮਾਰਦਿਆਂ ਲੰਮੇ ਚਿਰਾਂ ਤੋਂ ਜੰਗਲਾਂ ਵਿੱਚੋਂ ਤੈਅ ਹੋਏ ਰਾਸਤਿਆਂ ਵਿੱਚੋਂ ਦੀ ਇੱਕ ਘੰਟੇ ਵਿੱਚ ਅੱਧੇ ਕੁ ਕਿਲੋਮੀਟਰ ਦੀ ਦੂਰੀ ਤੈਅ ਕਰਦੇ ਜਾਂਦੇ ਹਨ। ਰੁਕ-ਰੁਕ ਕੇ "ਸਿਤ-ਸਿਤ" ਦੀ ਮੁਲਾਇਮ ਆਵਾਜ਼ ਕੱਢਦਿਆਂ ਪੰਛੀ ਇੱਕ-ਦੂਜੇ ਨਾਲ ਰਾਬਤਾ ਰੱਖਦੇ ਹਨ। ਹਰ ਝੁੰਡ ਆਵਾਜ਼ਾਂ ਕੱਢਕੇ ਅਤੇ ਹਮਲਾਵਰ ਰੁੱਖ ਅਖ਼ਤਿਆਰ ਕਰਦਿਆਂ ਦੂਜੇ ਝੁੰਡਾਂ ਤੋਂ ਆਪਣੇ ਇਲਾਕੇ ਦੀ ਰਾਖ਼ੀ ਕਰਦਾ ਹੈ।
ਉੱਤਰ ਵਿੱਚ ਚਿੱਕਾਡੀਆਂ ਆਮ ਤੌਰ `ਤੇ ਹਵਾਵਾਂ ਅਤੇ ਬਰਫ਼ਾਂ ਤੋਂ ਬਚਾਅ ਕਰਦਿਆਂ ਸੰਘਣੇ ਸਦਾਬਹਾਰ ਛੰਭਾਂ ਵਿੱਚ ਬਸੇਰਾ ਕਰਦੀਆਂ ਹਨ। ਬਸੇਰੇ ਦੌਰਾਨ ਇਨ੍ਹਾਂ ਵਿੱਚੋਂ ਕੁੱਝ ਕਿਸੇ ਵੀ ਖੁੱਡ ਜਾਂ ਮਘੋਰੇ ਵਿੱਚ ਰਾਤ ਭਰ ਲਈ ਜਾ ਲੁਕਦੀਆਂ ਹਨ ਜਿੱਥੇ ਇੱਕ ਖੁੱਡ ਨੂੰ ਇੱਕ ਹੀ ਮੱਲਦੀ ਹੈ। ਬਾਕੀ ਦੀਆਂ ਸਦਾਬਹਾਰ ਦਰੱਖਤਾਂ ਦੀਆਂ ਟੀਸੀ ਵਾਲੀਆਂ ਟਹਿਣੀਆਂ `ਤੇ ਜਾਂ ਛੋਟੇ, ਝਾੜੀਨੁਮਾ ਚੀੜ ਦੇ ਦਰਖ਼ਤਾਂ ਵਿੱਚ ਥੱਲੇ ਜਾ ਡੇਰਾ ਲਾਉਂਦੀਆਂ ਹਨ। ਇੱਕ ਤੋਂ ਬਾਅਦ ਕਿੰਨ੍ਹੀਆਂ ਹੀ ਹੋਰ ਰਾਤਾਂ ਝੁੰਡ ਇੱਕ ਹੀ ਥਾਂ ਡੇਰਾ ਲਾਉਂਦਾ ਰਹਿੰਦਾ ਹੈ।
ਨਿੱਘੇ ਰਹਿਣ ਲਈ ਚਿੱਕਾਡੀਆਂ ਆਪਣੇ ਨਰਮ, ਮੋਟੇ ਖੰਭਾਂ ਨੂੰ ਕੰਡਿਆ ਕੇ ਨਿੱਘੀ ਹਵਾ ਨੂੰ ਜਿਸਮ ਦੇ ਨਾਲ਼ ਰੋਕ ਲੈਂਦੀਆਂ ਹਨ। ਇਸ ਪਰਤ ਨਾਲ ਠੰਢ ਤੋਂ ਬਚਾਅ ਰਹਿੰਦਾ ਹੈ।
ਬਸੰਤ ਰੁੱਤ ਦੇ ਆਰੰਭ ਵਿੱਚ ਝੁੰਡ ਬਿਖਰਨ ਲੱਗਦਾ ਹੈ ਕਿਉਂਕਿ ਪੰਛੀ ਜੋੜਿਆਂ ਵਿੱਚ ਖਿੰਡ ਕੇ ਆਪਣੇ ਹੀ ਪਹਿਲੇ ਝੁੰਡ ਵਾਲੇ ਸਾਥੀਆਂ ਤੋਂ ਆਪਣੇ ਇਲਾਕੇ ਦੀ ਜ਼ੋਰਦਾਰ ਰਾਖੀ ਕਰਦੇ ਹਨ। ਇਸ ਅਰਸੇ ਦੌਰਾਨ ਹੋ ਸਕਦਾ ਹੈ ਪੰਛੀ ਹਾਲੇ ਵੀ ਆਪਣੇ ਝੁੰਡ ਨਾਲ ਹੀ ਰਾਤ ਨੂੰ ਡੇਰਾ ਲਾਉਣ, ਖਾਸ ਕਰ ਕੇ ਠੰਢੇ ਮੌਸਮ ਵਿੱਚ। ਇੱਕ ਵਾਰੀ ਜਣਨ ਅਤੇ ਪਾਲਣ-ਪੋਸ਼ਣ ਦੀ ਕਿਰਿਆ ਸ਼ੁਰੂ ਹੋ ਜਾਵੇ, ਚਿੱਕਾਡੀ ਵਿਰਲੇ ਹੀ ਆਪਣੇ ਆਲ਼ਣੇ ਤੋਂ 3 ਤੋਂ 7 ਹੈਕਟਰ ਦੀ ਵਿੱਥ ਪਰ੍ਹੇ ਜਾਂਦੀ ਹੈ।
ਵਿਲੱਖਣ ਸੁਭਾਅ
ਚਿੱਕਾਡੀਆਂ ਪ੍ਰਮੁੱਖਤਾ ਦੀ ਇੱਕ ਸਮਾਜਕ ਦਰਜੇਬੰਦੀ ਸਥਾਪਤ ਕਰਦੀਆਂ ਹਨ ਜਿਸ ਵਿੱਚ ਹਰ ਪੰਛੀ ਦੂਜੇ ਪੰਛੀ ਨੂੰ ਉਸਦੇ ਦਰਜੇ ਮੁਤਾਬਕ ਜਾਣਦਾ ਹੈ। ਕਿਸੇ ਵੀ ਪੰਛੀ ਦਾ ਦਰਜਾ ਇਸ ਗੱਲ `ਤੇ ਨਿਰਭਰ ਕਰਦਾ ਹੈ ਕਿ ਉਹ ਕਿੰਨ੍ਹਾ ਕੁ ਹਮਲਾਵਰ ਰਹਿੰਦਾ ਹੈ। ਇਸ ਪ੍ਰਕਾਰ ਲੜਾਈ ਲਈ ਸਭ ਤੋਂ ਵੱਧ ਤਿਆਰ ਰਹਿਣ ਵਾਲੇ ਪੰਛੀ ਤੋਂ ਝੁੰਡ ਵਿਚਲੇ ਬਾਕੀ ਸਾਰੇ ਪੰਛੀ ਹੇਠਾਂ ਹੁੰਦੇ ਹਨ; ਯਾਣਿ ਸਭ ਤੋਂ ਘੱਟ ਦਰਜੇ ਵਾਲ਼ਾ ਬਾਕੀ ਸਭਨਾਂ ਤੋਂ ਹੇਠਾਂ ਹੁੰਦਾ ਹੈ। ਬਾਕੀਆਂ ਦੀ ਦਰਜਾਬੰਦੀ ਇਨ੍ਹਾਂ ਦੇ ਦਰਮਿਆਨ ਹੁੰਦੀ ਹੈ। ਆਮ ਤੌਰ `ਤੇ ਨਰ ਪੰਛੀ ਮਦੀਨਾਂ ਤੋਂ, ਅਤੇ ਬਾਲਗ਼ ਪੰਛੀ ਬੱਚਿਆਂ ਤੋਂ ਉੱਚੇ ਹੁੰਦੇ ਹਨ। ਉੱਚੇ ਦਰਜੇ ਵਾਲੇ ਪੰਛੀਆਂ ਨੂੰ ਭੋਜਨ ਹਾਸਲ ਕਰਨ ਦੀ ਸਭ ਤੋਂ ਵੱਧ ਖੁੱਲ੍ਹ, ਸ਼ਿਕਾਰੀ ਜਾਨਵਰਾਂ ਤੋਂ ਪਰ੍ਹੇ ਸਭ ਤੋਂ ਸੁਰੱਖਿਅਤ ਥਾਵਾਂ ਮਿਲਦੀਆਂ ਹਨ ਅਤੇ ਨਾ ਸਿਰਫ ਚੰਗੇਰੀ ਤਰ੍ਹਾਂ ਬਚਦੇ ਹਨ ਬਲਕਿ ਉਨ੍ਹਾਂ ਦੇ ਬੱਚੇ ਵੀ ਵਧੇਰੇ ਬਚਦੇ ਹਨ। ਹਾਵੀ ਪੰਛੀ ਦਬੇਲ ਪੰਛੀ ਨੂੰ ਧਮਕਾਉਂਦਾ, ਦੁੜਾਉਂਦਾ, ਅਤੇ ਇੱਥੋਂ ਤਕ ਕਿ ਉਸ ਨਾਲ ਲੜਦਾ ਵੀ ਹੈ ਅਤੇ ਦਬੇਲ ਹਮੇਸ਼ਾ ਆਪਣਾ ਬਚਾਅ ਕਰਦਾ ਅਤੇ ਟਲ਼ਣ ਵਾਲ਼ਾ ਹੁੰਦਾ ਹੈ। ਇੱਕ ਵਾਰੀ ਪ੍ਰਮੁੱਖਤਾ ਦੀ ਦਰਜਾਬੰਦੀ ਤੈਅ ਹੋ ਜਾਵੇ ਤਾਂ ਹਾਵੀ ਪੰਛੀਆਂ ਨੂੰ ਵਿਰਲੇ ਹੀ ਕਦੇ ਦਬੇਲ ਪੰਛੀਆਂ ਨਾਲ ਲੜਨ ਦੀ ਲੋੜ ਪੈਂਦੀ ਹੈ। ਨਰ ਅਤੇ ਮਦੀਨ ਆਮ ਤੌਰ `ਤੇ ਆਪਣੇ ਦਰਜੇ ਮੁਤਾਬਕ ਜੋੜੀ ਬਣਾਉਂਦੇ ਹਨ - ਹਾਵੀ ਨਰ ਹਾਵੀ ਮਦੀਨ ਨਾਲ, ਅਤੇ ਬਾਕੀ ਵੀ ਇਸੇ ਤਰ੍ਹਾਂ, ਜੋੜੀ ਬਣਾਉਂਦੇ ਹਨ।
Back to topRange
ਜ਼ੱਦ
ਕਾਲੇ ਸਿਰ ਵਾਲੀ ਚਿੱਕਾਡੀ ਨਿਊਫਾਊਂਡਲੈਂਡ ਤੋਂ ਲੈ ਕੇ ਬ੍ਰਿਟਿਸ਼ ਕੋਲੰਬੀਆ ਤਕ ਸਾਰੇ ਕਨੇਡਾ ਭਰ ਵਿੱਚ (ਸਿਵਾਏ ਤਟੀ ਟਾਪੂਆਂ ਦੇ) ਪਾਈ ਜਾਂਦੀ ਹੈ ਅਤੇ ਉੱਤਰ ਵੱਲ ਨੂੰ ਯੂਕੌਨ ਅਤੇ ਨੌਰਥਵੈਸਟ ਟੈਰੀਟੋਰੀਜ਼ ਦੇ ਦੱਖਣੀ ਹਿੱਸਿਆਂ ਤਕ ਵੀ ਫੈਲੀ ਹੋਈ ਹੈ। ਇਹ ਦਰੱਖਤਾਂ ਵਾਲੇ ਇਲਾਕਿਆਂ - ਸਮੇਤ ਜੰਗਲਾਤ ਅਤੇ ਬਾਗ਼ਾਂ ਦੇ - ਵਿੱਚ ਰਹਿੰਦੀ ਹੈ ਜਿੱਥੇ ਇਹ ਦਰਖ਼ਤਾਂ ਦੀ ਨਰਮ ਜਾਂ ਗਲ਼ ਰਹੀ ਲੱਕੜ ਵਿੱਚ ਆਪਣੇ ਆਲਣੇ ਬਣਾਉਂਦੀ ਅਤੇ ਆਪਣਾ ਪਸੰਦੀਦਾ ਭੋਜਨ ਲੱਭ ਸਕਦੀ ਹੈ।
ਆਮ ਤੌਰ `ਤੇ ਚਿੱਕਾਡੀ ਸਾਰਾ ਸਾਲ ਹੀ ਟਿਕਣ ਕੇ ਵਸਣ ਵਾਲਾ ਪੰਛੀ ਹੈ ਪਰ ਸਮੇਂ-ਸਮੇਂ ਪੰਛੀਆਂ ਦੇ ਵੱਡੇ ਝੁੰਡ ਲੰਮੀਆਂ ਦੂਰੀਆਂ ਤੈਅ ਕਰਦੇ ਹਨ, ਆਮ ਤੌਰ `ਤੇ ਪਤਝੜ ਵਿੱਚ ਦੱਖਣ ਵੱਲ ਨੂੰ ਅਤੇ ਬਸੰਤ ਵਿੱਚ ਉੱਤਰ ਵੱਲ ਨੂੰ। ਇਹ ਬੇਕਾਇਦਾ ਚਾਲੇ, ਜਿਨ੍ਹਾਂ ਨੂੰ “irruptions” (ਘੁਸਪੈਠ) ਕਿਹਾ ਜਾਂਦਾ ਹੈ, ਜ਼ਿਆਦਾਤਰ ਇੱਕ ਸਾਲ ਤੋਂ ਘੱਟ ਉਮਰ ਦੇ ਜਵਾਨ ਪੰਛੀਆਂ ਵੱਲੋਂ ਅੰਜਾਮ ਦਿੱਤੇ ਜਾਂਦੇ ਹਨ। ਘੁਸਪੈਠ ਦੀ ਵਜ੍ਹਾ ਵਸੇਬੇ ਦਾ ਉਜਾੜਾ ਜਾਂ ਕਈ ਸਾਲਾਂ ਵਿੱਚ ਭੋਜਨ ਦੀ ਕਮੀ ਦੇ ਨਾਲ-ਨਾਲ ਗ਼ੈਰ-ਮਾਮੂਲੀ ਤੌਰ `ਤੇ ਸਫ਼ਲ ਜਣਨ ਰੁੱਤ ਹੋਣਾ ਵੀ ਹੋ ਸਕਦਾ ਹੈ।
Back to topFeeding
ਆਹਾਰ
ਸੂਰਜ ਚੜ੍ਹਨ ਤੋਂ ਛੁਪਣ ਤਕ ਚਿੱਕਾਡੀ ਆਪਣਾ ਬਹੁਤਾ ਸਮਾਂ ਆਹਾਰ `ਤੇ ਲਾਉਂਦੀ ਹੈ। ਇਹ ਪੰਛੀ ਟਹਿਣੀਆਂ `ਤੇ ਟਪੂਸੀਆਂ ਮਾਰਦਾ, ਸਿੱਧੇ ਤਣਿਆਂ ਨੂੰ ਫੜ੍ਹਦਾ, ਜਾਂ ਕਿਸੇ ਸਦਾਬਹਾਰ ਟਹਿਣੀ `ਤੇ ਪੁੱਠਾ ਲਟਕਦਾ ਨਿੱਕੇ-ਨਿੱਕੇ ਲੁਕੇ ਹੋਏ ਜੀਵ ਲੱਭਣ ਲਈ ਹਰ ਝੀਥ ਅਤੇ ਤ੍ਰੇੜ ਦਾ ਬੜੇ ਧਿਆਨ ਨਾਲ ਮੁਆਇਨਾ ਕਰਦਾ ਹੈ।
ਚਿੱਕਾਡੀ ਕੀੜਿਆਂ ਦੇ ਆਂਡਿਆਂ, ਸੁੰਡੀਆਂ ਅਤੇ ਪਿਊਪਿਆਂ (ਕੀੜਿਆਂ ਦੀ ਅਹਿੱਲ ਅਵਸਥਾ), ਘੁਣ, ਜੂੰਆਂ, ਬੁਰਾਦੇ ਦੀਆਂ ਮੱਖੀਆਂ ਅਤੇ ਹੋਰ ਕੀੜਿਆਂ ਦੇ ਨਾਲ-ਨਾਲ ਮੱਕੜੀਆਂ ਦੀ ਵੱਡੀ ਮਿਕਦਾਰ ਖਾਂਦੀ ਹੈ - ਜਣਨ ਰੁੱਤ ਵਿੱਚ ਇਸਦੀ ਖ਼ੁਰਾਕ ਦਾ 80 ਤੋਂ 90 ਫੀ ਸਦੀ ਰੀੜ ਦੀ ਹੱਡੀ-ਰਹਿਤ ਜਾਨਵਰ ਹੁੰਦੇ ਹਨ, ਅਤੇ ਸਰਦੀਆਂ ਵਿੱਚ ਲਗਭਗ 50 ਫੀ ਸਦੀ। ਕਿਸੇ ਵੀ ਜੰਗਲ ਜਾਂ ਬਗ਼ੀਚੇ ਵਿੱਚ ਕੀੜਿਆਂ ਦਾ ਨਾਸ਼ ਕਰਨ ਵਾਲਾ ਸਭ ਤੋਂ ਅਹਿਮ ਜਾਨਵਰ ਸੌਖਿਆਂ ਹੀ ਚਿੱਕਾਡੀ ਨੂੰ ਐਲਾਨਿਆ ਜਾ ਸਕਦਾ ਹੈ।
ਜਦੋਂ ਭੋਜਨ ਚੋਖਾ ਉਪਲਬਧ ਹੋਵੇ, ਖਾਸ ਕਰ ਕੇ ਗਰਮੀਆਂ ਅਤੇ ਪਤਝੜ ਵਿੱਚ, ਚਿੱਕਾਡੀਆਂ ਉਦੋਂ ਥੋੜੀ ਜਮ੍ਹਾਖੋਰੀ ਵੀ ਕਰ ਲੈਂਦੀਆਂ ਹਨ। ਇਹ ਕਿਸੇ ਮੁੜੇ ਹੋਏ ਸੱਕ ਹੇਠਾਂ, ਜਾਂ ਕਾਈ ਦੇ ਕਿਸੇ ਪੱਚ ਹੇਠਾਂ ਧਿਆਨ ਨਾਲ ਕੋਈ ਬੁਰਕੀ ਲੁਕਾ ਦਿੰਦੀ ਹੈ - ਅਕਸਰ ਇਸ ਨੂੰ ਕੱਢ ਕੇ ਦੁਬਾਰਾ ਕਿਸੇ ਹੋਰ ਜਗ੍ਹਾ ਫਿਰ ਲੁਕਾਉਂਦੀ ਹੈ। ਕਿਸੇ ਇੱਕ ਦਿਨ ਚਿੱਕਾਡੀ ਸੈਂਕੜੇ ਹੀ ਭੋਜਨ ਪਦਾਰਥ ਜਮ੍ਹਾ ਕਰ ਸਕਦੀ ਹੈ ਅਤੇ 24 ਘੰਟਿਆਂ ਬਾਅਦ ਬੜੀ ਦੁਰਸਤਤਾ ਨਾਲ ਇਨ੍ਹਾਂ ਨੂੰ ਮੁੜ ਹਾਸਲ ਕਰ ਸਕਦੀ ਹੈ। ਕੁੱਝ ਪੰਛੀ ਤਾਂ ਲੁਕਾਉਣ ਦੇ ਘੱਟ-ਘੱਟ 28 ਦਿਨ ਬਾਅਦ ਤਕ ਵੀ ਭੋਜਨ ਪਦਾਰਥਾਂ ਨੂੰ ਲੁਕਾਉਣ ਵਾਲੀਆਂ ਥਾਵਾਂ ਯਾਦ ਰੱਖ ਸਕਦੇ ਹਨ। ਕਾਲੇ ਸਿਰ ਵਾਲੀਆਂ ਚਿੱਕਾਡੀਆਂ ਨਾ ਸਿਰਫ਼ ਇਹ ਯਾਦ ਰੱਖ ਸਕਦੀਆਂ ਹਨ ਕਿ ਉਨ੍ਹਾਂ ਨੇ ਭੋਜਨ ਦੀਆਂ ਅਲੱਗ-ਅਲੱਗ ਵਸਤਾਂ ਕਿੱਥੇ ਲੁਕਾਈਆਂ ਹਨ ਬਲਕਿ ਇਹ ਵੀ ਕਿ ਕਿਹੜੇ-ਕਿਹੜੇ ਭੰਡਾਰ ਉਨ੍ਹਾਂ ਨੇ ਖਾਲੀ ਕਰ ਦਿੱਤੇ ਹਨ। ਜਿਉਂ-ਜਿਉਂ ਠੰਢ ਵਧਦੀ ਜਾਂਦੀ ਹੈ, ਚਿੱਕਾਡੀਆਂ ਅਜਿਹੇ ਭੰਡਾਰ ਵੱਧ ਵਰਤਦੀਆਂ ਹਨ ਜਿਨ੍ਹਾਂ ਤੋਂ ਵਧੇਰੇ ਊਰਜਾ ਮਿਲਕੇ।
ਭੋਜਨ ਜਮ੍ਹਾਂ ਕਰਨਾ ਉੱਤਰ ਵੱਲ ਦੇ ਪੰਛੀਆਂ ਲਈ ਅਹਿਮ ਹੈ। ਇਸ ਆਦਤ ਨਾਲ ਜਿਸ ਨੂੰ ਵੀ ਲੁਕਿਆ ਭੋਜਨ ਲੱਭੇ, ਉਸ ਨੂੰ ਖਾਣ ਨੂੰ ਮਿਲਦਾ ਹੈ ਅਤੇ ਭੋਜਨ ਦੀ ਕਮੀ ਦੌਰਾਨ ਭੋਜਨ ਦੇ ਰਵਾਇਤੀ ਮਾਰਗਾਂ `ਤੇ ਵਧੇਰੇ ਰਸਦ ਦੀ ਮੌਜੂਦਗੀ ਯਕੀਨੀ ਬਣਦੀ ਹੈ।
ਇੱਕ ਅੰਦਾਜ਼ੇ ਮੁਤਾਬਕ ਬਾਕੀ ਟਿਟਮਾਈਸਾਂ ਵਾਂਗ ਚਿੱਕਾਡੀਆਂ ਨੂੰ ਵੀ ਗੁਜ਼ਾਰੇ ਵਾਸਤੇ ਹਰ ਰੋਜ਼ 10 ਕਿਲੋਕੈਲਰੀ ਊਰਜਾ ਦੀ ਲੋੜ ਪੈਂਦੀ ਹੈ। ਇਹ ਪੰਛੀ ਚੋਖਾ ਭੋਜਨ ਖਾਂਦੇ ਹਨ ਜੋ ਊਰਜਾ ਵਿੱਚ ਤਬਦੀਲ ਹੋ ਜਾਂਦਾ ਹੈ। ਸਰਦੀਆਂ ਦੇ ਛੋਟੇ ਦਿਨਾਂ ਦੌਰਾਨ ਭੋਜਨ ਖਾਣ ਦੀ ਦਰ ਵਧ ਜਾਂਦੀ ਹੈ। ਜਿਹੜਾ ਭੋਜਨ ਤੁਰਨ-ਫਿਰਨ ਜਾਂ ਚੁਗਣ ਦੀਆਂ ਸਰਗਰਮੀਆਂ ਲਈ ਲੋੜੀਂਦਾ ਨਾ ਹੋਵੇ, ਉਹ ਚਰਬੀ ਦੇ ਰੂਪ ਵਿੱਚ ਭੰਡਾਰ ਕਰ ਲਿਆ ਜਾਂਦਾ ਹੈ। ਚਰਬੀ ਨਾਲ ਚਿੱਕਾਡੀ ਨੂੰ ਉਹ ਊਰਜਾ ਹਾਸਲ ਹੁੰਦੀ ਹੈ ਸੌਣ ਅਤੇ ਲੰਬੀ, ਠੰਢੀ ਰਾਤ ਕੱਟਣ ਲਈ ਲਈ ਲੋੜੀਂਦੀ ਹੈ। ਊਰਜਾ ਬਚਾਉਣ ਲਈ ਚਿੱਕਾਡੀਆਂ ਰਾਤ ਸਮੇਂ ਆਪਣੇ ਜਿਸਮ ਦਾ ਤਾਪਮਾਨ ਦਿਨ ਸਮੇਂ ਦੇ ਤਾਪਮਾਨ ਨਾਲੋਂ 10 ਤੋਂ 12 ਦਰਜੇ ਘਟਾ ਲੈਂਦੀਆਂ ਹਨ। ਇਹ ਵੇਖਣਾ ਸੌਖਾ ਹੀ ਹੈ ਕਿ ਸਰਦੀਆਂ ਵਿੱਚ ਦਿੱਤੀ ਜਾਣ ਵਾਲੀ ਚੋਗ - ਸੂਰਜਮੁਖੀ ਦੇ ਬੀਜ, ਮੂੰਗਫ਼ਲੀ, ਅਤੇ ਗੁਰਦੇ ਦੀ ਸਖ਼ਤ ਚਰਬੀ - ਕਿੰਨ੍ਹੀ ਅਹਿਮੀਅਤ ਰੱਖਦੀ ਹੈ।
Back to topBreeding
ਜਣਨ ਕਿਰਿਆ
ਫਰਵਰੀ ਅਤੇ ਮਾਰਚ ਆਸ਼ਨਾਈ ਦੇ ਮਹੀਨੇ ਹਨ। ਉੱਚੀ ਚਹਿਕਦਿਆਂ ਹੋਇਆਂ ਚਿੱਕਾਡੀਆਂ ਆਪਣਾ ਬਹੁਤਾ ਸਮਾਂ ਇੱਕ-ਦੂਜੇ ਦੇ ਪਿੱਛੇ ਉੱਡਦਿਆਂ ਬਿਤਾਉਂਦੀਆਂ ਹਨ। ਉਹ ਕਿਸੇ ਦਰਖ਼ਤ ਵਿੱਚ ਤੇਜ਼ੀ ਨਾਲ ਇੱਧਰੋਂ-ਉੱਧਰ ਉੱਡਦਿਆਂ ਜਿੰਨ੍ਹੀ ਛੇਤੀ ਸ਼ੁਰੂ ਹੋਈਆਂ ਸਨ, ਉਨ੍ਹੀ ਹੀ ਛੇਤੀ ਰੁਕ ਜਾਂਦੀਆਂ ਹਨ। ਝੁੰਡ ਜੋੜਿਆਂ ਵਿੱਚ ਵੰਡਿਆ ਜਾਂਦਾ ਹੈ। ਹਰ ਜੋੜਾ ਅਲੱਗ ਸਫ਼ਰ ਕਰਦਾ ਹੈ, ਜਿਸ ਵਿੱਚ ਮਦੀਨ ਮੂਹਰੇ ਲੱਗਦੀ ਹੈ। ਉਹ ਜਿੱਥੇ ਵੀ ਜਾਂਦੀ ਹੈ, ਉਸਦੇ ਗਿਰਦ ਇੱਕ ਛੋਟੇ ਜਿਹੇ ਦਾਇਰੇ ਵਿੱਚ ਨਰ ਦੂਜੀਆਂ ਚਿੱਕਾਡੀਆਂ ਤੋਂ ਉਸਦਾ ਬਚਾਅ ਕਰਦਾ ਹੈ।
ਮਾਰਚ ਦੇ ਅਖ਼ੀਰ ਤਕ ਮਦੀਨ ਆਲ੍ਹਣੇ ਲਈ ਜਗ੍ਹਾ ਲੱਭਣ ਲੱਗ ਜਾਂਦੀ ਹੈ। ਇੱਕ ਵਾਰੀ ਥਾਂ ਲੱਭ ਜਾਣ `ਤੇ ਨਰ ਉਸ ਦੇ ਚੌਗਿਰਦੇ ਦਾ ਘੁਸਪੈਠੀਆਂ ਤੋਂ ਬਚਾਅ ਕਰਦਾ ਹੈ। ਤਿੰਨ ਤੋਂ ਸੱਤ ਹੈਕਟਰ ਦਾ ਇਹ ਰਕਬਾ ਜੋੜੇ ਦਾ ਇਲਾਕਾ ਬਣ ਜਾਂਦਾ ਹੈ।
ਰਲ਼ ਕੇ ਉਹ ਕਿਸੇ ਸੁੱਕੇ ਖੁੰਢ ਦੀ ਗਲ਼ ਰਹੀ ਲੱਕੜ ਵਿੱਚ, ਆਮ ਤੌਰ `ਤੇ ਜ਼ਮੀਨ ਤੋਂ ਇੱਕ ਤੋਂ ਤਿੰਨ ਮੀਟਰ ਉੱਚੀ, ਇੱਕ ਖੁੱਤੀ ਪੁੱਟਦੇ ਹਨ । ਉਹ ਨੌਂ ਤੋਂ 12 ਮੀਟਰ ਉਚਾਈ `ਤੇ ਹਰੇ ਦਰਖ਼ਤਾਂ ਦੇ ਸੁੱਕ ਚੁੱਕੇ ਹਿੱਸਿਆਂ ਵਿੱਚ, ਜਾਂ ਮੋਘਿਆਂ ਵਿੱਚ ਆਲ੍ਹਣੇ ਬਣਾਉਣ ਵਾਲ਼ੇ ਹੋਰਨਾ ਪੰਛੀਆਂ ਵੱਲੋਂ ਤਿਆਗੀਆਂ ਥਾਵਾਂ `ਤੇ ਵੀ ਆਲ੍ਹਣੇ ਪਾ ਸਕਦੇ ਹਨ।
ਭਾਵੇਂ ਕਿ ਮਦੀਨ ਵੇਖਣ ਨੂੰ ਬਿਲਕੁਲ ਨਰ ਵਰਗੀ ਹੀ ਲੱਗਦੀ ਹੈ ਪਰ ਅਪਰੈਲ ਦੇ ਅਖ਼ੀਰ ਤਕ ਉਹ ਆਪਣੀ ਆਵਾਜ਼ ਤੋਂ ਆਸਾਨੀ ਨਾਲ ਪਹਿਚਾਣੀ ਜਾ ਸਕਦੀ ਹੈ ਜੋ ਕਿ ਮਦੀਨ ਦੇ ਆਂਡੇ ਦੇਣ ਦੀ ਤਿਆਰੀ ਦੌਰਾਨ ਇੱਕ ਖਾਸ ਕਿਸਮ ਦੀ ਖ਼ਰਵਾਪਣ ਅਖ਼ਤਿਆਰ ਕਰਦੀ ਹੈ. ਨਰ ਅਕਸਰ ਮਦੀਨ ਨੂੰ ਚੋਗ ਚੁਗਾਉਂਦਾ ਹੈ ਅਤੇ ਉਹ ਬੱਚੇ ਵਾਂਗ ਥੱਲੇ ਨੂੰ ਹੁੰਦਿਆਂ ਅਤੇ ਆਪਣੇ ਖੰਭ ਕੰਬਾਉਂਦਿਆਂ ਚੋਗ ਕਬੂਲਦੀ ਹੈ। ਇਸ ਵਤੀਰੇ ਨੂੰ ਆਸ਼ਨਾਈ-ਚੋਗਾ ਕਿਹਾ ਜਾਂਦਾ ਹੈ। ਤਿਣਕੇ, ਬਨਸਪਤੀ ਵਿਚਲੇ ਫੰਭੇ, ਵਾਲ਼ਾਂ ਆਦਿ ਦੀ ਵਰਤੋਂ ਰਾਹੀਂ ਮਦੀਨ ਆਲ੍ਹਣੇ ਵਾਲੀ ਖੋੜ ਵਿੱਚ ਇੱਕ ਗੱਦੇਦਾਰ ਆਲ੍ਹਣਾ ਬਣਾਉਂਦੀ ਹੈ ਜਿਸ ਵਿੱਚ ਉਹ ਹਰ ਰੋਜ਼ ਇੱਕ ਆਂਡਾ ਉਦੋਂ ਤਕ ਦਿੰਦੀ ਰਹਿੰਦੀ ਹੈ ਜਦੋਂ ਤਕ ਪੰਜ ਤੋਂ 10 ਤਕ ਨਾ ਹੋ ਜਾਣ; ਬਹੁਤੀ ਵਾਰੀ ਛੇ ਤੋਂ ਅੱਠ ਤਕ ਹੁੰਦੇ ਹਨ। ਚਿੱਟੇ ਰੰਗ ਦੇ ਆਂਡਿਆਂ ਉੱਤੇ ਬਾਰੀਕ ਕਾਲੇ ਧੱਬੇ ਹੁੰਦੇ ਹਨ।
ਸਿਰਫ਼ ਮਦੀਨ ਆਂਡਿਆਂ ਉੱਤੇ ਦਿਨ ਵਿੱਚ 20- ਤੋਂ 30-ਮਿੰਟ ਦੇ ਵਕਫ਼ਿਆਂ ਲਈ, ਅਤੇ ਫਿਰ ਸਾਰੀ ਰਾਤ ਬੈਠਦੀ ਹੈ। ਜਦੋਂ ਉਹ ਆਲ੍ਹਣੇ ਵਿੱਚ ਹੋਵੇ ਤਾਂ ਨਰ ਉਸਨੂੰ ਚੋਗਾ ਚੁਗਾਉਂਦਾ ਹੈ, ਪਰ ਉਹ ਵੀ ਭੋਜਨ ਦੀ ਭਾਲ ਲਈ ਚਲੀ ਜਾਂਦੀ ਹੈ।
ਇਸ ਵੇਲ਼ੇ ਪੰਛੀ ਬੜੇ ਚੌਕਸ ਅਤੇ ਲੁਕਆ ਵਾਲ਼ੇ ਬਣੇ ਰਹਿੰਦੇ ਹਨ। ਜੇ ਕਿਸੇ ਆਲ੍ਹਣੇ `ਤੇ ਧਾਵਾ ਬੋਲਣ ਵਾਲ਼ੇ ਕਿਸੇ ਸ਼ਿਕਾਰੀ ਦਾ ਪਰਛਾਵਾਂ ਆਲ੍ਹਣੇ `ਤੇ ਪੈ ਜਾਵੇ ਤਾਂ ਮਦੀਨ ਸ਼ਹਿੰਦੀ ਅਤੇ ਗੁੱਸੇ ਵਿੱਚ ਚੂਕਦੀ ਹੈ। ਇਹ ਆਵਾਜ਼ ਇੰਨ੍ਹੀ ਕੁ ਚੌਂਕਾਉਣ ਵਾਲੀ ਹੁੰਦੀ ਹੈ ਕਿ ਹੋ ਸਕਦਾ ਹੈ ਇਹ ਇੱਕ ਪਲ ਲਈ ਧਾਵਾ ਕਰਨ ਵਾਲ਼ੇ ਨੂੰ ਪੈਰੋਂ ਉਖਾੜ ਦੇਵੇ ਜਿਸ ਨਾਲ ਬਚ ਕੇ ਨਿਕਲਣਾ ਸੰਭਾ ਹੋ ਸਕਦਾ ਹੈ।
ਕੋਈ 13 ਜਾਂ 14 ਦਿਨਾਂ ਬਾਅਦ ਬੱਚੇ ਨਿੱਕਲ ਆਉਂਦੇ ਹਨ। ਜਦੋਂ ਤਕ ਬੱਚਿਆਂ ਦੇ ਖੰਭ ਨਾ ਨਿੱਕਲ ਆਉਣ, ਮਦੀਨ ਉਨ੍ਹਾਂ ਨੂੰ ਨਿੱਘਾ ਰੱਖਦੀ ਹੈ। ਦੋਵੇਂ ਮਾਪੇ ਬਿੱਠਾਂ ਬਾਹਰ ਸੁੱਟ ਕੇ ਆਲ੍ਹਣੇ ਨੂੰ ਸਾਫ਼ ਰੱਖਦੇ ਹਨ ਅਤੇ ਬੱਚਿਆਂ ਨੂੰ ਘੰਟੇ ਵਿੱਚ ਛੇ ਤੋਂ 14 ਵਾਰ ਤਕ ਚੋਗਾ ਚੁਗਾਉਂਦੇ ਹਨ। ਇੱਕ ਅਧਿਐਨ ਤੋਂ ਪਤਾ ਲੱਗਦਾ ਹੈ ਕਿ ਛੇ ਤੋਂ ਅੱਠ ਤਕ ਬੱਚਿਆਂ ਦੀ ਦੇਖ-ਭਾਲ ਵਿੱਚ ਮਾਪਿਆਂ ਦੀ ਇੰਨ੍ਹੀ ਕੁ ਜਾਨ ਲੱਗਦੀ ਹੈ ਕਿ ਕਈ ਵਾਰ ਉਹ ਖੁਦ ਬੜੀ ਔਖਿਆਈ ਨਾਲ ਇਸ ਵਕਤ ਵਿੱਚੋਂ ਆਪਣੀ ਜਾਨ ਬਚਾ ਪਾਉਂਦੇ ਹਨ।
ਸੋਲਵੇਂ ਜਾਂ 17ਵੇਂ ਦਿਨ ਛੋਟੇ ਬੱਚੇ ਆਲ੍ਹਣਾ ਛੱਡ ਕੇ ਜਾਣ ਲਈ ਤਿਆਰ ਹੁੰਦੇ ਹਨ। ਉਹ ਆਪਣੇ ਮਾਪਿਆਂ ਦਾ ਸਾਫ-ਸੁਥਰਾ ਅਤੇ ਲੂੰਈਂਦਾਰ ਰੂਪ ਹੁੰਦੇ ਹਨ। ਖੋੜਾਂ ਵਿੱਚ ਆਲ੍ਹਣਾ ਪਾਉਣ ਵਾਲ਼ੇ ਬਹੁਤੇ ਬਾਕੀ ਪੰਛੀਆਂ ਵਾਂਗ ਇਸ ਮੌਕੇ ਤਕ ਉਨ੍ਹਾਂ ਨੂੰ ਵੀ ਪਤਾ ਲੱਗ ਜਾਂਦਾ ਹੈ ਕਿ ਉੱਡਣਾ ਕਿਵੇਂ ਹੈ ਭਾਵੇਂ ਕਿ ਉਨ੍ਹਾਂ ਦੀ ਕਾਬਲੀਅਤ ਅਭਿਆਸ ਨਾਲ ਵਧਦੀ ਜਾਂਦੀ ਹੈ। ਦੋ ਜਾਂ ਤਿੰਨ ਹਫ਼ਤੇ ਹੋਰ ਮਾਪੇ ਉਨ੍ਹਾਂ ਨੂੰ ਚੋਗਾ ਦਿੰਦੇ ਰਹਿੰਦੇ ਹਨ ਅਤੇ ਉਦੋਂ ਤਕ ਉਹ ਸਹਿਜ ਨਾਲ ਆਪਣੇ ਆਪ ਭੋਜਨ ਖਾਣ ਲੱਗਦੇ ਹਨ।
ਇਸ ਵੇਲ਼ੇ ਤਕ ਮਾਪੇ ਹੰਭੇ ਹੋਏ ਲੱਗਣ ਲੱਗਦੇ ਹਨ। ਉਨ੍ਹਾਂ ਦੇ ਖੰਭ ਬੜੀ ਤੇਜ਼ ਰਫਤਾਰ ਨਾਲ ਝੜਨ ਲੱਗਦੇ ਹਨ, ਅਤੇ ਜਵਾਨ ਪੀੜ੍ਹੀ ਨਾਲੋਂ ਉਨ੍ਹਾਂ ਦਾ ਫਰਕ ਦੱਸਣਾ ਬੜਾ ਸੌਖਾ ਹੋ ਜਾਂਦਾ ਹੈ। ਨਵੇਂ ਖੰਭ ਪੂਰੀ ਤਰ੍ਹਾਂ ਨਿੱਕਲਣ ਨੂੰ ਛੇ ਤੋਂ ਅੱਠ ਹਫ਼ਤੇ ਲੱਗ ਸਕਦੇ ਹਨ। ਉਸਤੋਂ ਬਾਅਦ ਉਮਰ ਵਿੱਚ ਵਡੇਰੇ ਪੰਛੀਆਂ ਨਾਲੋਂ ਜਵਾਨ ਪੰਛੀਆਂ ਦਾ ਫ਼ਰਕ ਉਨ੍ਹਾਂ ਦੇ ਆਕਾਰ ਅਤੇ ਪੂੰਛ ਉਤਲੇ ਖੰਭਾਂ ਵਿੱਚ ਚਿੱਟੇ ਰੰਗ ਦੀ ਮਿਕਦਾਰ ਤੋਂ ਹੀ ਲਾਇਆ ਜਾ ਸਕਦਾ ਹੈ। ਕੁੱਝ ਦੇਰ ਲਈ ਹੋ ਸਕਦਾ ਹੈ ਕਿ ਪਰਿਵਾਰ ਇਕੱਠਾ ਰਹੇ ਪਰ ਛੇਤੀ ਹੀ ਇਸਦੇ ਜੀਅ ਜੰਗਲਾਂ ਦਾ ਗੇੜਾ ਲਾਉਣ, ਚੋਗ ਚੁਗਣ ਅਤੇ ਜਮ੍ਹਾਖੋਰੀ ਕਰਨ ਵਾਲੇ ਪਤਝੜ ਵਾਲੇ ਝੁੰਡਾਂ ਵਿੱਚ ਸ਼ਾਮਿਲ ਹੋਣ ਲਈ ਖਿੱਲਰ ਜਾਂਦੇ ਹਨ। ਜਵਾਨ ਚਿੱਕਾਡੀਆਂ ਆਮ ਤੌਰ `ਤੇ ਆਪਣੇ ਪਾਲਣ-ਪੋਸ਼ਣ ਵਾਲੀ ਥਾਂ ਦੇ ਇੱਕ ਤੋਂ ਲੈ ਕੇ ਕਈ ਕਿਲੋਮੀਟਰਾਂ ਦੇ ਦਾਇਰੇ ਤਕ ਦੇ ਝੁੰਡਾਂ ਵਿੱਚ ਸ਼ਾਮਿਲ ਹੁੰਦੀਆਂ ਹਨ।
Back to topConservation
ਪ੍ਰਤਿਪਾਲਣ
ਕਾਲੇ ਸਿਰ ਵਾਲੀਆਂ ਚਿੱਕਾਡੀਆਂ ਕਨੇਡਾ ਭਰ ਵਿੱਚ ਪੰਛੀਆਂ ਦੀ ਸਭ ਤੋਂ ਵੱਧ ਵਿਆਪਕ ਫੈਲੀ ਕਿਸਮ ਹਨ। ਸਭ ਤੋਂ ਤਾਜ਼ਾ ਸਰਵੇਖਣਾ ਅਨੁਸਾਰ ਇਨ੍ਹਾਂ ਦੀ ਗਿਣਤੀ ਵਧ ਰਹੀ ਹੈ: Bird Studies Canada (ਬਰਡ ਸਟੱਡੀਜ਼ ਕੈਨੇਡਾ) ਦੀ 2001-2002 ਦੀ ਕ੍ਰਿਸਮਸ ਵੇਲ਼ੇ ਪੰਛੀਆਂ ਦੀ ਗਿਣਤੀ ਨੇ 123 000 ਪੰਛੀ ਗਿਣੇ ਸਨ ਜੋ ਸੰਨ 2000-2001 ਦੀਆਂ ਨਮੂਨੇ ਦੀਆਂ ਗਿਣਤੀਆਂ ਵਿੱਚ 25 ਫ਼ੀ ਸਦੀ ਦਾ ਵਾਧਾ ਹੈ। ਕਿਉਂਕਿ ਕ੍ਰਿਸਮਸ ਵੇਲ਼ੇ ਪੰਛੀਆਂ ਦੀ ਗਿਣਤੀ ਤਕਰੀਬਨ 300 ਮੁਕਾਮਾਂ `ਤੇ ਝਟਪਟ ਵੇਖੀ ਗਈ ਇੱਕ ਝਲਕ ਮਾਤਰ ਹੈ, ਅਤੇ ਕਿਉਂਕਿ ਕਾਲੇ ਸਿਰ ਵਾਲੀਆਂ ਚਿੱਕਾਡੀਆਂ ਅਮਰੀਕਾ ਵਿੱਚ ਉੱਤਰੀ ਕੈਲੀਫੋਰਨੀਆਂ ਤੋਂ ਲੈਕੇ ਦੂਜੇ ਪਾਸੇ ਨਿਊ ਜਰਸੀ ਤਕ ਫੈਲੀਆਂ ਹੋਈਆਂ ਹਨ, ਇਸ ਲਈ ਇਹ ਗੱਲ ਆਰਾਮ ਨਾਲ ਮੰਨੀ ਜਾ ਸਕਦੀ ਹੈ ਕਿ ਇਨ੍ਹਾਂ ਦੀ ਗਿਣਤੀ ਕਰੋੜਾਂ ਵਿੱਚ ਹੈ। ਇਨ੍ਹਾਂ ਦੀ ਕਾਮਯਾਬੀ ਵਿੱਚ ਕੁੱਝ ਹਿੱਸਾ ਸਰਦੀਆਂ ਦੀ ਰੁੱਤ ਵਿੱਚ ਪੰਛੀਆਂ ਲਈ "ਬਰਡ-ਫੀਡਰਾਂ" ਦਾ ਲਾਇਆ ਜਾਣਾ ਹੈ ਕਿਉਂਕਿ ਚਿੱਕਾਡੀਆਂ ਇਨ੍ਹਾਂ "ਮੁਫ਼ਤ ਦਾਨਾਂ" ਨੂੰ ਵਰਤਣ ਪ੍ਰਤੀ ਬੜੀ ਛੇਤੀ ਢਲ਼ ਜਾਂਦੀਆਂ ਹਨ।
ਕਾਲੇ ਸਿਰ ਵਾਲੀ ਚਿੱਕਾਡੀ ਦੇ ਸਭ ਤੋਂ ਵੱਧ ਖ਼ਤਰਨਾਕ ਸ਼ਿਕਾਰੀਆਂ ਵਿੱਚ ਪੰਛੀਆਂ ਦਾ ਸ਼ਿਕਾਰ ਕਰਨ ਵਾਲੇ ਬਾਜ਼ ਅਤੇ ਨਾਰਦਰਨ ਸ਼ਰਾਈਕ ਹਨ। ਇਸ ਤੋਂ ਇਲਾਵਾ ਸੱਪ, ਵੀਜ਼ਲ, ਕਾਟੋਆਂ, ਚੂਹੇ ਅਤੇ ਗਿਲਹਰੀਆਂ ਚਿੱਕਾਡੀਆਂ ਦੇ ਆਲਣਿਆਂ ਵਿੱਚ ਜਾ ਵੜਦੇ ਜਾਂ ਇਨ੍ਹਾਂ ਨੂੰ ਪਾੜ ਸੁੱਟਦੇ ਹਨ ਅਤੇ ਆਂਡਿਆਂ ਅਤੇ ਬੱਚਿਆਂ ਨੂੰ ਖਾ ਜਾਂਦੇ ਹਨ। ਬਾਲਗ਼ ਮਦੀਨਾਂ ਨੂੰ ਕਈ ਵਾਰੀ ਵੀਜ਼ਲ ਆਲਣੇ ਵਿੱਚ ਹੀ ਮਾਰ ਸੁੱਟਦੇ ਹਨ।
ਕਾਲੇ ਸਿਰ ਵਾਲੀ ਸਖ਼ਤ-ਜਾਨ ਚਿੱਕਾਡੀ ਵੱਲੋਂ ਵਧੇਰੇ ਕਰ ਕੇ ਕੀੜੇ-ਮਕੌੜਿਆਂ ਦੀ ਗਿਣਤੀ ਕਾਬੂ ਵਿੱਚ ਰੱਖਣ ਅਤੇ ਸਰਦੀਆਂ ਤਕ ਵਿੱਚ ਵੀ ਜੰਗਲ ਨੂੰ ਆਪਣੇ ਚਹਿਕਣ ਅਤੇ ਕੁੱਦਣ-ਟੱਪਣ ਨਾਲ ਰੌਣਕੀਲਾ ਬਣਾਈ ਰੱਖਣ ਕਾਰਣ ਹੀ ਸਾਡੇ ਲਈ ਇਸ ਦੀ ਹਿਫਾਜ਼ਤ ਕਰਨਾ ਅਤੇ ਇਸ ਨੂੰ ਉਤਸ਼ਾਹਿਤ ਕਰਨਾ ਸਾਡੀ ਕੋਸ਼ਿਸ਼ ਦਾ ਮੁੱਲ ਤਾਰਦਾ ਹੈ।
Back to topResources
ਸ੍ਰੋਤ
ਆਨਲਾਈਨ ਸ੍ਰੋਤ
ਕੌਰਨੈੱਲ ਯੂਨੀਵਰਸਿਟੀ ਲੈਬਾਰੇਟਰੀ ਆਫ਼ ਔਰਨੀਥੌਲੋਜੀ
ਯੂਨਾਈਟਡ ਸਟੇਟਸ ਜਿਉਲੌਜੀਕਲ ਸਰਵੇ, ਪੈਟੂਜ਼ੈਂਟ ਵਾਇਲਡਲਾਈਫ ਰੀਸਰਚ ਸੈਂਟਰ
ਛਪੇ ਹੋਏ ਸ੍ਰੋਤ
Bent, A.C. (ਬੈਂਟ ਏ.ਸੀ.) 1946. ਲਾਈਫ ਹਿਸਟਰੀਜ਼ ਆਫ਼ ਨਾਰਥ ਅਮੈਰੀਕਨ ਜੇਅਜ਼, ਕ੍ਰੋਜ਼ ਐਂਡ ਟਿਟਮਾਈਸ । ਯੂ.ਐੱਸ. ਨੈਸ਼ਨਲ ਮਿਊਜ਼ੀਅਮ ਬੁਲੇਟਿਨ 191:322–393.
Christie, P. (ਕ੍ਰਿਸਟੀ, ਪੀ.) 2001. ਚੈਟਿੰਗ ਅੱਪ ਚਿੱਕਾਡੀਜ਼। ਸੀਜ਼ਨਜ਼ (ਫੈਡਰੇਸ਼ਨ ਆਫ਼ ਓਨਟੇਰੀਓ ਨੈਚੁਰੇਲਿਸਟਸ) 41:17–19
Glase, J .C. (ਗਲੇਜ਼, ਜੇ.ਸੀ.) 1973. ਇਕਾਲੋਜੀ ਆਫ਼ ਸੋਸ਼ਲ ਆਰਗੇਨਾਈਜ਼ੇਸ਼ਨ ਇਨ ਦ ਬਲੈਕ-ਕੈਪਡ ਚਿੱਕਾਡੀ। ਲਿਵਿੰਗ ਬਰਡ 12:235–267.
Godfrey, W.E. (ਗੌਡਫਰੇ, ਡਬਲਿਊ.ਈ.) 1986. ਦ ਬਰਡਜ਼ ਆਫ਼ ਕੈਨੇਡਾ। ਸੋਧਿਆ ਸੰਸਕਰਣ। ਨੈਸ਼ਨਲ ਮਿਊਜ਼ੀਅਮਜ਼ ਆਫ਼ ਕੈਨੇਡਾ, ਔਟਵਾ।
Lawrence, L. de K. (ਲਾਰੈਂਸ, ਐੱਲ. ਡੀ ਕੇ.) 1968. ਦ ਲਵਲੀ ਐਂਡ ਦਾ ਵਾਇਲਡ. ਮੈਕਗ੍ਰਾਅ ਹਿੱਲ ਬੁੱਕ ਕੰਪਨੀ, ਨਿਊ ਯੌਰਕ।
Lempriere, S. (ਲੈਂਪ੍ਰਾਇਰ, ਐੱਸ.) 1990. ਫਲੌਕਸ ਐਂਡ ਫੈਟ: ਹਓ ਬਲੈਕ-ਕੈਪਸ ਸਰਵਾਈਵ ਵਿੰਟਰ। ਸੀਜ਼ਨਜ਼ (ਫੈਡਰੇਸ਼ਨ ਆਫ਼ ਓਨਟੇਰੀਓ ਨੈਚੁਰੇਲਿਸਟਸ) 30:44–45
Odum, E.P. (ਓਡਮ. ਈ.ਪੀ.) 1942–43. ਦ ਐਨੂਲ਼ ਸਾਈਕਲ ਆਫ਼ ਬਲੈਕ-ਕੈਪਡ ਚਿੱਕਾਡੀ। ਦ ਅਓਕ 58:314–333, 518–535; 59:499–531.
Smith, S.M. (ਸਮਿੱਥ, ਐੱਸ.ਐੱਮ.) 1985. ਦ ਟਾਈਨੀਐਸਟ ਐਸਟੈਬਲਿਸ਼ਡ ਪਰਮਾਨੈਂਟ ਫਲੋਟਰ ਕਰੈਪ ਗੇਮ ਇਨ ਦ ਨਾਰਥਈਸਟ। ਨੈਚੁਰਲ ਹਿਸਟਰੀ 94:42–47.
Smith, S.M. (ਸਮਿੱਥ, ਐੱਸ.ਐੱਮ.) 1991. ਬਲੈਕ-ਕੈਪਡ ਚਿੱਕਾਡੀ। ਕੌਰਨੈੱਲ ਯੂਨੀਵਰਸਿਟੀ ਪ੍ਰੈੱਸ, ਇਥਾਕਾ, ਨਿਊ ਯੌਰਕ।
Smith, S.M. (ਸਮਿੱਥ, ਐੱਸ.ਐੱਮ.) 1993. ਬਲੈਕ-ਕੈਪਡ ਚਿੱਕਾਡੀ. ਦ ਬਰਡਜ਼ ਆਫ਼ ਨੌਰਥ ਅਮੈਰਿਕਾ ਵਿੱਚ, no. 39.
A. Poole (ਏ. ਪੂਲ.) , P. Stettenheim (ਪੀ. ਸਟੈਨਹਾਈਮ), ਅਤੇ F. Gill (ਐੱਫ. ਗਿੱਲ) ਸੰਪਾਦਕ। ਦ ਅਕੈਡਮੀ ਆਫ਼ ਨੈਚੁਰਲ ਸਾਇੰਸਿਜ਼, ਫਿਲਾਡੈਲਫੀਆ; ਦ ਅਮੈਰੀਕਨ ਆਰਨੀਥਾਲੋਜਿਸਟਸ ਯੂਨੀਅਨ, ਵਾਸ਼ਿੰਗਟਨ, ਡੀ.ਸੀ.
© ਹਰ ਮੈਜਿਸਟੀ ਦ ਕੂਈਨ, ਕਨੇਡਾ `ਤੇ ਅਧਿਕਾਰ ਤਹਿਤ, ਵਾਤਾਵਰਨ ਮੰਤਰੀ ਵੱਲੋਂ ਨੁਮਾਇੰਦਗੀ ਹੇਠ, 1973, 1989, 2003. ਸਭ ਹੱਕ ਰਾਖਵੇਂ ਹਨ।
ਕੈਟਾਲਾਗ ਨੰਬਰ CW69-4/25-2003E
ISBN 0-662-34270-4
ਪਾਠ: Louise de Kiriline Lawrence (ਲੂਇਸ ਦ ਕਿਰੀਲਾਇਨ ਲਾਰੈਂਸ)
ਸੋਧ: ਬੀ. ਡੈਸਰੋਚਰਜ਼, 1988; L. M. Ratcliffe (ਐੱਲ.ਐੱਮ. ਰੈਟਕਲਿੱਫ), S.J. Song (ਐੱਸ. ਜੇ. ਸੌਂਗ), S.J. Hannon (ਐੱਸ. ਜੇ. ਹੈਨਨ) 2003
ਸੰਪਾਦਨ: ਮੌਰੀਨ ਕਵਾਨ੍ਹਾ, 2003
ਫੋਟੋ: Daniel Mennill(ਡੈਨੀਅਲ ਮੈਨਿੱਲ)